ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਲਗਾਹਾਂ ਨੂੰ ਬਚਾਉਣ ਦਾ ਸੱਦਾ...






ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦਾ 13ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ

seechewal 2-2-2018
ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦਾ 13ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮਾਂਤਰੀ ਜਲਗਾਹ ਦਿਵਸ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਜਨਮ ਦਿਨ ਵੀ ਮਨਾਇਆ ਗਿਆ, ਜਿਹੜਾ ਕਿ ਪਾਣੀਆਂ ਦੀ ਸ਼ੁੱਧਤਾ ਨੂੰ ਸਮਰਪਿਤ ਸੀ। ਕਾਲਜ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਅਤੇ ਜਨਰਲ ਮੈਡੀਕਲ ਚੈਕਅੱਪ ਕੈਂਪ ਵੀ ਲਾਇਆ ਗਿਆ। ਜਿਸ ਵਿਚ ਆਮ ਲੋਕਾਂ ਨੇ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਾਲਜਾਂ ਵਿਚ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਭਾਵੇਂ ਇਕ ਵੱਡੀ ਚੁਣੌਤੀ ਬਣੀ ਹੋਈ ਹੈ ਪਰ ਇਸ ਕਾਲਜ ਵਿਚ ਗਿਣਤੀ ਨਾਲੋਂ ਵਿਦਿਆਰਥੀਆਂ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸਿਖਾਉਣ ’ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ।
ਮੌਜੂਦਾ ਵਿਦਿਅਕ ਢਾਂਚੇ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਰਉਪਕਾਰੀ ਵਿਦਿਆ ਨੂੰ ਹੁਣ ਵਪਾਰ ਬਣਾ ਲਿਆ ਗਿਆ ਹੈ ਤੇ ਬਹੁਤੇ ਨਿੱਜੀ ਵਿਦਿਅਕ ਅਦਾਰੇ ਵਿਦਿਆਰਥੀਆਂ ਨੂੰ ਲਾਲਚੀ ਤੇ ਵਿਭਚਾਰੀ ਬਣਾਉਣ ਦੇ ਰਾਹ ਪਏ ਹੋਏ ਹਨ। ਜਦਕਿ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਵਿਚ ਘੱਟ ਫੀਸਾਂ ਲਈਆਂ ਜਾ ਰਹੀਆਂ ਹਨ ਤੇ ਬਹੁਤੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਕੋਲੋਂ ਤਾਂ ਥੋੜ੍ਹੀਆਂ ਫੀਸਾਂ ਵੀ ਵਸੂਲੀਆਂ ਨਹੀਂ ਜਾਂਦੀਆਂ। ਉਨ੍ਹਾਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਨੂੰ ਯੂਨੀਵਰਸਿਟੀਆਂ ਸਿਲੇਬਸ ਦਾ ਹਿੱਸਾ ਬਣਾਉਣ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬਾਰ੍ਹਵੀਂ ਜਮਾਤ ਤੱਕ ਬਣ ਰਹੇ ਨਵੇਂ ਸਕੂਲ ਦੀ ਆਰਥਿਕ ਮਦਦ ਲਈ ਅੱਗੇ ਆਉਣ ਤਾਂ ਜੋ ਪੇਂਡੂ ਇਲਾਕੇ ਵਿਚ ਪਾਏਦਾਰ ਤੇ ਮਿਆਰੀ ਅਤੇ ਸਭ ਤੋਂ ਸਸਤੀ ਵਿਦਿਆ ਮੁਹੱਈਆ ਕਰਵਾਈ ਜਾ ਸਕੇ।
ਸੰਤ ਸੀਚੇਵਾਲ ਨੇ ਕਿਹਾ ਕਿ ਰਾਮਸਰ ਕੌਮਾਂਤਰੀ ਕਨਵੈਨਸ਼ਨ ਵਿਚ ਪੰਜਾਬ ਦੀਆਂ ਜਿਹੜੀਆਂ ਤਿੰਨ ਜਲਗਾਹਾਂ ਨੂੰ ਮਾਨਤਾ ਦਿੱਤੀ ਗਈ ਹੈ ਉਨ੍ਹਾਂ ਵਿਚੋਂ ਦੋ ਪਵਿੱਤਰ ਕਾਲੀ ਵੇਈਂ ਨਾਲ ਵੀ ਜੁੜਦੀਆਂ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪਾਣੀਆਂ ’ਚ ਘੁਲ ਰਹੀਆਂ ਜ਼ਹਿਰਾਂ ਪ੍ਰਤੀ ਉਹ ਸੁਚੇਤ ਰਹਿਣ ਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਹੰਭਲਾ ਮਾਰਨ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਹਰਬੰਸ ਸਿੰਘ ਚਾਹਲ ਨੇ 2 ਫਰਵਰੀ 2005 ਨੂੰ ਸਥਾਪਤ ਹੋਏ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੀਆਂ ਪ੍ਰਾਪਤੀਆਂ, ਲੋੜਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ। ਹਲਕੇ ਦੇ ਵਿਧਾਇਕ ਅਤੇ ਸਾਬਕਾ ਟਰਾਂਸਪੋਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਆਪਣੀ ਤਨਖਾਹ ਵਿਚੋਂ 50 ਹਜ਼ਾਰ ਰੁਪਏ ਕਾਲਜ ਨੂੰ ਦੇਣ ਦਾ ਐਲਾਨ ਕੀਤਾ।

Post a Comment

Previous Post Next Post