ਬਾਬੇ ਨਾਨਕ ਦੀ ਨਗਰੀ ਪਹੁੰਚੇ ਜੈਨ ਧਰਮ ਦੇ ਮੁਨੀਆਂ ਨੇ ਪਵਿੱਤਰ ਕਾਲੀ ਵੇਈਂ ਦੇ...

ਜੈਨ ਰਿਸ਼ੀਆਂ ਵੱਲੋਂ ਪਵਿੱਤਰ ਵੇਈਂ 'ਤੇ ਵਾਤਾਵਰਣ ਬਾਰੇ ਗੋਸ਼ਟੀ
ਸੰਤ ਸੀਚੇਵਾਲ ਵੱਲੋਂ ੫੫੦ ਸਾਲਾਂ ਸਮਾਗਮਾਂ ਲਈ ਸੱਦਾ
ਸੁਲਤਾਨਪੁਰ ਲੋਧੀ ੧੭ ਫਰਵਰੀ
ਬਾਬੇ ਨਾਨਕ ਦੀ ਨਗਰੀ ਪਹੁੰਚੇ ਜੈਨ ਧਰਮ ਦੇ ਮੁਨੀਆਂ ਨੇ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਪਦਮਸ੍ਰੀ  ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਾਤਾਵਰਣ ਬਾਰੇ ਗੋਸ਼ਟੀ ਕੀਤੀ। ਜੈਨ ਧਰਮ ਦੇ ਮਹਾਂਰਾਸ਼ਟਰ ਤੋਂ ਆਏ ਗੁਰੂਵਰ ਸ਼੍ਰਮਣ ਸਲਾਹਕਾਰ ਨਵਕਾਰ ਸਾਦਕ ਸ੍ਰੀ ਤਾਰਕ ਰਿਸ਼ੀ ਜੀ ਮਹਾਰਾਜ ਨੇ ਪਵਿੱਤਰ ਵੇਈਂ ਦੀ ੧੮ ਸਾਲਾਂ ਤੋਂ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਲੈਂਦਿਆ ਸੰਤ ਸੀਚੇਵਾਲ ਸਾਹਮਣੇ ਇਹ ਸਵਾਲ ਖੜਾ ਕੀਤਾ ਕਿ ਬਾਬੇ ਨਾਨਕ ਨਾਲ ਸਬੰਧਤ ਵੇਈਂ ਨੂੰ ਸਾਫ਼ ਕਰਨ ਦਾ ਖਿਆਲ ਕਿਵੇਂ ਆਇਆ ? ਸੰਤ ਸੀਚੇਵਾਲ ਨੇ ਦਸਿਆ ਕਿ ਪਵਿੱਤਰ ਵੇਈਂ ਬਾਰੇ ਹੋਏ ਇੱਕ ਸਮਾਗਮ ਵਿੱਚ ਗਏ ਸਨ ਜਿੱਥੇ ਬੁਧੀਜੀਵੀ ਇਹ ਚਰਚਾ ਕਰ ਰਹੇ ਸਨ ਕਿ ਬਾਬੇ ਨਾਨਕ ਦੀ ਵੇਈਂ ਜੇ ਇੰਝ ਹੀ ਪਾਲੀਤ ਹੁੰਦੀ ਰਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ।ਉਸ ਸਮਾਗਮ ਵਿੱਚ ਹੀ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਬਾਬੇ ਨਾਨਕ ਦੀ ਵੇਈਂ ਦਾ ਹਾਲ ਏਨਾ ਮਾੜਾ ਹੈ ਤਾਂ ਫਿਰ ਸਾਨੂੰ ਨੀਂਦ ਕਿਵੇਂ ਆ ਰਹੀ ਹੈ ?
ਉਸੇ ਦਿਨ ਤੋਂ ਇਰਾਦਾ ਕਰ ਲਿਆ ਸੀ ਕਿ ਸੰਗਤਾਂ ਨੂੰ ਨਾਲ ਲੈਕੇ ਇਸ ਨੂੰ ਅਗਲੇ ਦਿਨ ਸ਼ੁਰੂ ਕਰ ਦਿੱਤਾ ਤੇ ੧੮ ਸਾਲਾਂ ਤੋਂ ਲਗਾਤਾਰ ਚਣੌਤੀਆਂ ਭਰੇ ਇਸ ਕਾਰਜ ਨੂੰ ਕਰਕੇ ਸੰਗਤਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੀ ਚਰਚਾ ਦੁਨੀਆਂ ਭਰ ਵਿੱਚ ਹੋ ਰਹੀ ਹੈ। ਇਸੇ ਨਦੀਂ ਦੀ ਕਾਰ ਸੇਵਾ ਵਿੱਚੋਂ ਪੰਜਾਬ ਦੇ ਪਾਲੀਤ ਹੋ ਰਹੇ ਪਾਣੀਆਂ ਦਾ ਮੁੱਦਾ ਉਠਾਇਆ ਜੋ ਨਿਰੰਤਰਤ ਜਾਰੀ ਹੈ।ਉਨ੍ਹਾ ਕਿਹਾ ਸਾਲ ੨੦੧੯ 'ਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪਰਕਾਸ਼ ਪੁਰਬ ਤੱਕ ਸਾਰੇ ਦਰਿਆ ਸਾਫ਼ ਸੁਥਰੇ ਵੱਗਣੇ ਚਾਹੀਦੇ ਹਨ।
ਸੰਤ ਸੀਚੇਵਾਲ ਨੇ ਜੈਨ ਧਰਮ ਦੀਆਂ ਆਈਆਂ ਸ਼ਖਸ਼ੀਅਤਾਂ ਨੂੰ ਸਾਲ ੨੦੧੯ ਵਿੱਚ ਆ ਰਹੇ ਸ਼ਤਾਬਦੀ ਸਮਾਗਮਾਂ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਿਰਮਲ ਕੁਟੀਆ ਪਵਿੱਤਰ ਵੇਈਂ ਵਿਖੇ ਸਰਬ ਧਰਮ ਸਮਾਗਮ ਕਰਵਾਏ ਜਾਣਗੇ ਜਿਸ ਵਿੱਚ ਜੈਨ ਧਰਮ ਦੇ ਆਗੂ ਵੀ ਸ਼ਿਰਕਤ ਕਰਨ।
ਜ਼ਿਕਰਯੋਗ ਹੈ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ੩੦-੩੫ ਪਰਿਵਾਰ ਜੈਨ ਧਰਮ ਨਾਲ ਸਬੰਧਿਤ ਰਹਿ ਰਹੇ ਹਨ।ਪਵਿੱਤਰ ਸ਼ਹਿਰ ਵਾਸੀ ਤਰੁਣ ਜੈਨ ਨੇ ਦੱਸਿਆ ਕਿ ਜੈਨ ਰਿਸ਼ੀ ਚਮਾਸਾ ਕਰਕੇ ੮ ਮਹੀਨੇ ਦੇਸ਼ ਵਿੱਚ ਭ੍ਰਮਣ ਕਰਦੇ ਹਨ।ਇਸ ਯਾਤਰਾ ਦੌਰਾਨ ਹੀ ਜੈਨ ਰਿਸ਼ੀ ੧੧ ਦਿਨ ਲਈ ਸੁਲਤਾਨਪੁਰ ਲੋਧੀ ਜੈਨ ਸਭਾ ਵਿੱਚ ਸਤਸੰਗ ਕਰਨਗੇ।ਇਸ ਮੌਕੇ ਡਾ. ਸੰਜੋਗ ਰਿਸ਼ੀ ਜੀ, ਪ੍ਰਵੀਨ ਜੈਨ, ਪ੍ਰਥੀਮੇਸ਼ ਜੈਨ, ਰਜੀਵ ਜੈਨ, ਸ਼ੁਰੇਸ਼ ਜੈਨ, ਸੰਤ ਸਿੰਘ ਸੰਧੂ ਆਦਿ ਹਾਜ਼ਰ ਸਨ।

Comments