ਸਿੱਖੀ ਦੇ ਗੁਲਦਸਤੇ ਦਾ ਅਨਿੱਖੜਵਾਂ ਅੰਗ ਨਿਰਮਲਾ ਪੰਥ…ਨਿਰਮਲਾ ਪੰਚਾਇਤੀ ਅਖਾੜਾ ਨੇ ਸੱਦਾ ਦਿੱਤਾ ਕਿ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਵਿਚ ਨਿਰਮਲਿਆਂ ਦੇ ਯੋਗਦਾਨ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।
ਸੁਲਤਾਨਪੁਰ ਲੋਧੀ ੧੯ ਫਰਵਰੀ (ਸੀਚੇਵਾਲ ਟਾਈਮਜ਼)
ਪਾਉਂਟਾ ਸਾਹਿਬ 'ਚ ਹੋਏ ਦੋ ਦਿਨਾਂ ਸਮਾਗਮ ਦੌਰਾਨ ਪੰਜਾਬ ਤੇ ਹੋਰ ਸੂਬਿਆਂ ਤੋਂ ਆਏ ਧਾਰਮਿਕ ਆਗੂਆਂ ਨੇ ਕਿਹਾ ਕਿ ਸਿੱਖੀ ਇਕ ਗੁਲਦਸਤੇ ਵਾਂਗ ਹੈ ਜਿਸ ਵਿਚ ਵੱਖ-ਵੱਖ ਸੰਪਰਦਾਵਾਂ ਕੰਮ ਕਰ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਨਿਰਮਲਾ ਭੇਖ ਨੂੰ ਸਿੱਖੀ ਦਾ ਅਨਿੱਖੜਵਾਂ ਅੰਗ ਦੱਸਿਆ ਹੈ। ਇਸ ਬਾਰੇ ਨਵੀਂ ਪੀੜ੍ਹੀ ਅਣਜਾਣ ਹੈ। ਨਿਰਮਲਾ ਪੰਥ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਲਈ ਉਸੇ ਤਰ੍ਹਾਂ ਮੁਹਿੰਮ ਚਲਾਈ ਜਾਵੇ ਜਿਸ ਤਰ੍ਹਾਂ ਜੰਗਾਂ-ਯੁੱਧਾਂ ਵੇਲੇ ਸਿੱਖੀ ਦਾ ਪ੍ਰਚਾਰ ਕਰਕੇ ਇਸ ਨੂੰ ਚਲਾਇਆ ਸੀ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲਾ ਪੰਚਾਇਤੀ ਅਖਾੜੇ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਅਜਿਹੇ ਸੈਮੀਨਾਰ ਕਰਵਾਉਣ ਜਿਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਮੁੱਢ ਬੰਨ੍ਹਿਆ ਸੀ।

ਪਾਉਂਟਾ ਸਾਹਿਬ 'ਚ ਹੋਈ ਵਿਸ਼ੇਸ਼ ਗੁਰਮਤਿ ਵਿਚਾਰ ਗੋਸ਼ਟੀ ਦੌਰਾਨ ਨਿਰਮਲਾ ਪੰਚਾਇਤੀ ਅਖਾੜਾ ਕਨਖਲ (ਹਰਿਦੁਆਰ) ਦੇ ਮੁਖੀ ਸ੍ਰੀਮਹੰਤ ਗਿਆਨ ਦੇਵ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਤੋਂ ਹੀ ਪੰਜ ਸਿੱਖਾਂ ਨੂੰ ਨਿਰਮਲਾ ਭੇਖ ਵਿਚ ਗਿਆਨ ਹਾਸਿਲ ਕਰਨ ਲਈ ਕਾਂਸ਼ੀ ਭੇਜਿਆ ਸੀ। ਉਨ੍ਹਾਂ ਸਿੱਖੀ ਨੂੰ ਭਾਂਤ-ਭਾਂਤ ਸੰਪ੍ਰਦਾਵਾਂ ਦਾ ਗੁਲਦਸਤਾ ਦੱਸਦਿਆਂ ਕਿਹਾ ਕਿ ਸਿੱਖ ਧਰਮ ਦਾ ਦਾਇਰਾ ਏਨਾ ਵਿਸ਼ਾਲ ਹੈ ਕਿ ਇਸ ਵਿਚ ਬਹੁਤ ਸਾਰੀਆਂ ਸੰਪ੍ਰਦਾਵਾਂ ਦੀਆਂ ਸ਼ਾਖਾਵਾਂ ਹਨ। 
ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਕਿਹਾ ਕਿ ਨਿਰਮਲਾ ਪੰਥ ਦੇ ਨਾਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਰ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ, ਜਦੋਂ ਉਨ੍ਹਾਂ ਨੇ ਬਾਬੇ ਨਾਨਕ ਦੀ ਪਲੀਤ ਹੋ ਚੁੱਕੀ ਪਵਿੱਤਰ ਵੇਈਂ ਨੂੰ ਮੁੜ ਨਿਰਮਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਲ ੨੦੧੯ ਵਿਚ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਸਮਾਗਮਾਂ ਤੋਂ ਪਹਿਲਾਂ ਨਿਰਮਲਾ ਭੇਖ ਉਥੇ ਸੈਮੀਨਾਰ, ਵਿਚਾਰ ਗੋਸ਼ਟੀਆਂ ਤੇ ਹੋਰ ਧਾਰਮਿਕ ਸਮਾਗਮ ਕਰਵਾ ਕੇ ਆਉਣ ਵਾਲੀ ਪੀੜ੍ਹੀ ਨੂੰ ਨਿਰਮਲਾ ਪੰਥ ਦੇ ਇਤਿਹਾਸ ਤੋਂ ਜਾਣੂ ਕਰਵਾਏ। 
ਪ੍ਰੋ. ਸੁਖਦਿਆਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਵੱਲੋਂ ਛਪਵਾਏ ਗਏ ਪੰਥ ਪ੍ਰਕਾਸ਼ ਨੂੰ ਮੁੜ ਛਪਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਿਹੜਾ ਪੰਥ ਪ੍ਰਕਾਸ਼ ਛਪਾਇਆ ਗਿਆ ਸੀ ਉਹ ਪੱਥਰ ਦੀ ਛਪਾਈ ਵਾਲਾ ਸੀ। ਅਜਿਹੇ ਇਤਿਹਾਸਕ ਗੰ੍ਰਥਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਕਿਉਂਕਿ ਪਹਿਲਾਂ ਹੀ ਬਹੁਤ ਸਾਰਾ ਸਿੱਖ ਇਤਿਹਾਸ ਇਕ ਸਾਜ਼ਿਸ਼ ਤਹਿਤ ਨਸ਼ਟ ਕਰ ਦਿੱਤਾ ਗਿਆ ਸੀ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਿਰਮਲਾ ਪੰਥ ਦੇ ਇਤਿਹਾਸ ਬਾਰੇ ਲਿਟਰੇਚਰ ਛਪਵਾ ਕੇ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਨਿਰਮਲ ਤਖ਼ਤ ਤਲਾਬ ਬਾਬਾ ਬੁੱਢਾ ਜੀ ਸਾਹਿਬ ਰਾਮਦਾਸ ਅੰਮ੍ਰਿਤਸਰ ਦੇ ਮੁਖੀ ਬਾਬਾ ਭਗਵੰਤ ਭਜਨ ਸਿੰਘ, ਸ੍ਰੀ ਮਹੰਤ ਸੁਆਮੀ ਗਿਆਨ ਦੇਵ ਸਿੰਘ ਜੀ, ਸੰਤ ਬਲਵੰਤ ਸਿੰਘ ਜੀ ਕੋਠਾਗੁਰੂ, ਸੰਤ ਅਵਤਾਰ ਸਿੰਘ ਜੀ ਬਿੱਧੀਚੰਦ, ਡੇਰਾ ਜਿਆਣ ਤੋਂ ਬਲਬੀਰ ਸਿੰਘ ਰੱਬਜੀ, ਲੋਹੀਆਂ ਤੋਂ ਬਾਬਾ ਪਾਲ ਸਿੰਘ, ਡਾ. ਸੁਖਦਿਆਲ ਸਿੰਘ ਜੀ, ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਦਲਜੀਤ ਸਿੰਘ ਜੀ ਭਿੰਡਰ, ਸੁਰਜੀਤ ਸਿੰਘ ਦਪੋਹਾ, ਭਗਵਾਨ ਸਿੰਘ ਜੋਹਲ, ਸੰਤ ਤੇਜਾ ਸਿੰਘ ਜੀ,  ਸਮੇਤ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।

Comments

Post a Comment