ਸਮੁੰਦਰ ਨੇ ਬਦਲਿਆ ਆਪਣਾ ਸੁਭਾਅ...

ਹੈਦਰਾਬਾਦ : ਜਲਵਾਯੂ ਤਬਦੀਲੀ ਕਾਨਫਰੰਸ
ਸਮੁੰਦਰ ਨੇ ਬਦਲਿਆ ਆਪਣਾ ਸੁਭਾਅ
ਹੈਦਰਾਬਾਦ ੨੭ ਜੁਲਾਈ

ਇੱਥੋਂ ਦੇ ਐਡਮਿਨਸਟ੍ਰੇਟਿਵ ਸਟਾਫ਼ ਕਾਲਜ ਆਫ਼ ਇੰਡੀਆ 'ਚ ਪੱਤਰਕਾਰਾਂ ਦੀ ਚੱਲੀ ਦੋ ਦਿਨਾਂ ਕੌਮੀ ਕਾਨਫਰੰਸ ਵਿੱਚ ਮਾਹਿਰਾਂ ਨੇ ਦੱਸਿਆ ਕਿ ਕਿਵੇਂ ਸਮੁੰਦਰ ਨੇ ਆਪਣਾ ਸੁਭਾਅ ਬਦਲ ਲਿਆ ਹੈ।ਜਲਵਾਯੂ ਵਿੱਚ ਆਈਆਂ ਤਬਦੀਲੀਆਂ ਲਈ ਵੱਡੇ ਕਾਰਪੋਰੇਟ ਘਰਾਣੇ ਤੇ ਵਿਕਸਤ ਦੇਸ਼ ਜੁੰਮੇਵਾਰ ਹਨ। ਭਾਰਤ ਵਿੱਚ  ਧੂੰਏ ਨਾਲ ਹਵਾ 'ਚ ਫੈਲੇ ਪ੍ਰਦੂਸ਼ਣ ਨਾਲ ਇੱਕ ਸਾਲ ਵਿੱਚ ਹੀ ਇੱਕ ਲੱਖ ਬੱਚਿਆਂ ਦੀ ਮੌਤ ਹੋ ਗਈ ਸੀ ਪਰ ਕਿਧਰੇ ਇਸ ਦੀ ਚਰਚਾ ਨਹੀਂ ਹੋ ਰਹੀ।
ਦੇਸ਼ ਦੇ ਕਿਸਾਨਾਂ ਦੀ ਤਰਸਯੋਗ ਹਾਲਤ ਲਈ ਵੀ ਵੱਡੇ ਘਰਾਣੇ ਹੀ ਜੁੰਮੇਵਾਰ ਹਨ । ਦੇਸ਼ ਦੇ 94 ਫੀਸਦੀ ਕਿਸਾਨਾਂ ਨੂੰ ਐਮ.ਸੀ.ਪੀ ਨਹੀਂ ਮਿਲਦਾ ਸਿਰਫ਼ 6 ਫੀਸਦੀ ਵੱਡੇ ਲੋਕ ਹੀ ਐਮ.ਐਸ.ਪੀ ਦਾ ਲਾਭ ਲੈ ਰਹੇ ਹਨ।ਜਦੋਂ ਵੀ ਕੋਈ ਵੱਡਾ ਲੀਡਰ ਆਉਂਦਾ ਹੈ ਤਾਂ ਪੱਤਰਕਾਰ ਉਨ੍ਹਾਂ ਨੂੰ ਸਵਾਲ ਜਰੂਰ ਕਰਨ।
ਸੁਮੱਚੀ ਦੁਨੀਆਂ ਲਈ ਜਿਹੜੀ ਗੱਲ ਫਿਕਰ ਕਰਨ ਵਾਲੀ ਬਣੀ ਹੋਈ ਹੈ। ਉਹ ਇਹੀ ਹੈ ਕਿ ਤਪਸ਼ ਵੱਧਣ ਨਾਲ ਗਲੇਸ਼ੀਅਰ ਪਿਘਲ ਰਹੇ ਹਨ।ਸਮੁੰਦਰ ਦਾ ਪੱਧਰ ਵੱਧਣ ਨਾਲ ਇਸ ਦੇ ਸੁਭਾਅ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਹਨ। ਹਵਾਵਾਂ ਨੇ ਵੀ ਆਪਣੇ ਰੁਖ ਬਦਲ ਲਏ ਹਨ।ਮਛੇਰਿਆਂ ਨੂੰ ਮੱਛੀਆਂ ਫੜਨ ਲਈ ਸਮੁੰਦਰ ਦੇ ਹੋਰ ਜ਼ਿਆਦਾ ਅੰਦਰ ਜਾਣਾ ਪੈ ਰਿਹਾ। ਸਮੁੰਦਰ ਦੇ ਬਦਲੇ ਸੁਭਾਅ ਕਾਰਨ ਵੱਡੀਆਂ ਤਬਾਹੀਆਂ ਹੋ ਰਹੀਆਂ ਹਨ।ਸਮੁੰਦਰ ਦਾ ਲੂਣ ਵਾਲਾ ਪਾਣੀ ਜ਼ਰਖੇਜ਼ ਧਰਤੀ ਨੂੰ ਵੀ ਤਬਾਹ ਕਰ ਰਿਹਾ ਹੈ।
ਖੇਤੀ ਵਿਗਿਆਨੀ ਡਾ: ਦਵਿੰਦਰ ਸ਼ਰਮਾ ਨੇ ਬਹੁਤ ਹੀ ਰੌਚਿਕ ਤੇ ਹੈਰਾਨੀਜਨਕ ਤੱਥਾਂ ਨੂੰ ਉਜਾਗਰ ਕੀਤਾ ਕਿ ਕਿਵੇਂ ਅਮਰੀਕਾ ਤੇ ਯੂਰਪ ਕੁਲ ਦੁਨੀਆਂ ਦੇ ਖਾਣੇ ਦਾ 50 ਫੀਸਦੀ ਖਾਣਾ ਵੇਸਟ ਕਰ ਰਹੇ ਹਨ । ਜਦ ਕਿ ਭਾਰਤ ਵਿੱਚ ਸਿਰਫ਼ 6 ਫੀਸਦੀ ਖਾਣਾ ਹੀ ਬਰਬਾਦ ਹੁੰਦਾ ਹੈ ਜੋ ਦੂਜਿਆਂ ਦੇ ਮੁਕਾਬਲੇ ਬਹੁਤ ਘੱਟ ਹੈ। ਗਾਂਵਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜੁਗਾਲੀ ਕਰਨ ਸਮੇਂ ਮੀਥਨ ਗੈਸ ਪੈਦਾ ਕਰਦੀਆਂ ਹਨ ਜਦ ਕਿ ਇੱਕ ਕੌਫੀ ਦੀ ਮਸ਼ੀਨ ਤਿੰਨ ਗਾਂਵਾਂ ਤੋਂ ਵੱਧ ਮੀਥਨ ਪੈਦਾ ਕਰਦੀ ਹੈ।ਪਰ ਕਦੇਂ ਕੌਫੀ ਮਸ਼ੀਨ ਵੱਲੋਂ ਪੈਦਾ ਕੀਤੀ ਜਾਂਦੀ ਮੀਥਨ ਗੈਸ ਦੀ ਚਰਚਾ ਨਹੀਂ ਹੁੰਦੀ।ਇਸੇ ਤਰ੍ਹਾਂ ਜਦੋਂ ਇੱਕ ਬੋਇੰਗ 747 ਜਹਾਜ਼ ਟੇਕ ਆਫ਼ ਕਰਦਾ ਹੈ ਤਾਂ ਪਹਿਲੇ 8 ਮਿੰਟਾਂ ਵਿੱਚ ਉਹ ਏਨਾ ਪ੍ਰਦੂਸ਼ਣ ਕਰ ਦਿੰਦਾ ਹੈ ਜਿੰਨ੍ਹਾਂ 2 ਘੰਟਿਆਂ ਵਿੱਚ 20 ਹਾਜ਼ਾਰ ਟ੍ਰੈਕਟਰ ਵੀ ਨਹੀਂ ਕਰਦੇ।
ਦਵਿੰਦਰ ਸ਼ਰਮਾ ਨੇ ਦਸਿਆ ਕਿ ਮਹਾਂਰਸ਼ਟਰ ਦੇ ਵਿਦਰਭ ਇਲਾਕੇ ਵਿੱਚ ਪਾਣੀ ਨਾ ਹੋਣ ਕਾਰਨ ਕਿਸਾਨ ਮਰ ਰਹੇ ਹਨ ਪਰ ਪੰਜਾਬ ਵਿੱਚ ੯੮ ਫੀਸਦੀ ਪਾਣੀ ਖੇਤੀ ਲਈ ਹੋਣ ਦੇ ਬਾਵਜੂਦ ਉਥੇ ਵੀ ਕਿਸਾਨ ਮਰ ਰਹੇ ਹਨ।ਸਮਸਿਆ ਪਾਣੀ ਹੋਣ ਜਾਂ ਨਾ ਹੋਣ ਦੀ ਨਹੀਂ ਹੈ ।ਸਮਸਿਆ ਤਾਂ ਇਹ ਹੈ ਕਿ ਜਿਹੜੀਆਂ ਆਰਥਿਕ ਨੀਤੀਆਂ ਦਾ ਜਿਹੜਾ ਡਜ਼ਾਇਨ ਅਪਣਾਇਆ ਜਾ ਰਿਹਾ ਹੈ ਉਹ ਫਿਰ ਤੋਂ ਠੀਕ ਕਰਨ ਦੀ ਲੋੜ ਹੈ। ਬਾਨਕੀ ਮੂਨ ਦੇ ਬਿਆਨ ਦਾ ਹਵਾਲਾ ਦਿੰਦਿਆ ਕਿਹਾ ਕਿ ਉਨ੍ਹਾ ਨੇ ਸਯੁੰਤਕ ਰਾਸ਼ਟਰ ਦੇ ਸਕੱਤਰ ਜਨਰਲ ਹੁੰਦਿਆ ਹੋਇਆ ਕਿਹਾ ਸੀ ਕਿ ਆਰਥਿਕ ਨੀਤੀਆਂ ਬਾਰੇ ਫਿਰ ਤੋਂ ਇਸ ਨੂੰ ਪ੍ਰਭਾਸ਼ਿਤ ਕੀਤਾ ਜਾਵੇ। ਗਰੀਬਾਂ ਦੇ ਨਾਂਅ 'ਤੇ ਬਣਨ ਵਾਲੀਆਂ ਨੀਤੀਆਂ ਅਸਲ ਵਿੱਚ ਵੱਡੇ ਲੋਕਾਂ ਦੇ ਮੁਨਾਫੇ ਨਾਲ ਹੀ ਤੈਅ ਹੁੰਦੀਆਂ ਹਨ।

Comments