ਕੀ ਵੇਈਂ ਬਚਾਵੇਗੀ ਦੇਸ਼ ਦੀਆਂ ਨਦੀਆਂ ?


ਹੈਦਰਾਬਾਦ ਕਾਨਫਰੰਸ ਕੀ ਬਾਬੇ ਨਾਨਕ ਦੀ ਵੇਈਂ ਬਚਾਵੇਗੀ ਦੇਸ਼ ਦੀਆਂ ਨਦੀਆਂ ਨੂੰ ?


ਜਲਵਾਯੂ ਤਬਦੀਲੀ ਬਾਰੇ ਮੀਡੀਆ ਦੀ ਭੂਮਿਕਾ ਬਾਰੇ  ਹੈਦਰਾਬਾਦ ਵਿੱਚ ਹੋਈ ਕੌਮੀ ਕਾਨਫਰੰਸ  ਦੌਰਾਨ ਵਾਤਾਵਰਣ ਵਿੱਚ ਆਈਆਂ ਵੱਡੀਆਂ ਚਣੌਤੀਆਂ ਬਾਰੇ ਮਾਹਿਰ ਇਕਮਤ ਸਨ।ਧਰਤੀ ਦੀ ਵੱਧ ਰਹੀ ਤਪਸ਼ ਅਤੇ ਕਾਰਪੋਰੇਟ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦਾ ਜ਼ਿਕਰ ਸੰਜੀਦਗੀ ਨਾਲ  ਕੀਤਾ ਗਿਆ।ਆਬੋ-ਹਵਾ ਵਿੱਚ ਸਾਹ ਲੈਣਾ ਔਖਾ ਹੋਇਆ ਪਿਆ ਹੈ।ਧੂੰਏ ਨਾਲ ਹੋ ਰਹੀਆਂ ਮੌਤਾਂ ਅਤੇ  ਧਰਤੀ ਹੇਠਲਾ ਪਾਣੀ ਹੋਰ ਡੂੰਘੇ ਹੋਣ ਨੂੰ ਭਵਿੱਖ ਦਾ ਵੱਡਾ ਚੈਲਿੰਜ ਦੱਸਿਆ।ਹੈਦਰਬਾਦ ਦੀ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੀ ਸੀਚੇਵਾਲ ਟਾਈਮਜ਼ ਦੇ ਐਡੀਟਰ ਗੁਰਵਿੰਦਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਗਈ  ਟੀਮ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ ਜਿਸ ਢੰਗ ਨਾਲ ਪੰਜਾਬ ਵਿੱਚ ਲੋਕ ਚੇਤਨਾ ਪੈਦਾ ਕੀਤੀ ਹੈ ਉਸ ਨਾਲ ਪਾਣੀ ਦੇ ਕੁਦਰਤੀ ਸੋਮਿਆਂ ਪ੍ਰਤੀ ਸੋਚ ਵੀ ਬਦਲੀ ਹੈ।ਲੋਕਾਂ ਦੀ ਬਦਲੀ ਹੋਈ ਸੋਚ ਹੀ ਦੇਸ਼ ਦੀਆਂ ਨਦੀਆਂ ਨੂੰ ਬਚਾ ਸਕਦੀ । ਸੋਚ ਬਦਲਣ ਦਾ ਤਰਜ਼ਬਾ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਕੇ ਹੀ ਸਾਹਮਣੇ ਆਇਆ ਹੈ।

 ਕਾਨਫਰੰਸ ਵਿੱਚ ਜਦੋਂ ਪਵਿੱਤਰ ਕਾਲੀ ਵੇਈਂ ਦੀ ਦਸਤਵੇਜ਼ੀ ਫਿਲਮ ਦਿਖਾਈ ਗਈ। ਫਿਲਮ ਦੇਖਣ ਉਪਰੰਤ ਪ੍ਰਬੰਧਕਾਂ ਅਤੇ ਪੱਤਰਕਾਰਾਂ ਵਿੱਚ ਇਸ ਗੱਲ ਦੀ ਹੈਰਾਨੀ ਪਾਈ ਗਈ ਕਿ ਪੰਜਾਬ ਦੇ ਲੋਕਾਂ ਨੇ ਕਿਵੇਂ ਇਕਜੁਟਤਾ ਨਾਲ 160 ਕਿਲੋਮੀਟਰ ਲੰਬੀ ਨਦੀਂ ਸਾਫ਼ ਕਰਕੇ ਦੇਸ਼ ਨੂੰ ਨਿਵੇਕਲਾ ਰਾਹ ਦਿਖਾਇਆ ਹੈ।ਸੀਚੇਵਾਲ ਟਾਈਮਜ਼ ਦੇ ਐਡੀਟਰ ਗੁਰਵਿੰਦਰ ਸਿੰਘ ਨੇ ਦਸਿਆ ਕਿ ਹੈਦਰਾਬਾਦ ਦੀ ਮੂਸਾ ਨਦੀ ਗੰਦਾ ਨਾਲਾ ਬਣੀ ਹੋਈ ਹੈ।ਇਸ ਵਿਰਾਸਤੀ ਸ਼ਹਿਰ ਦੀ ਇਸ ਨਦੀਂ ਨੂੰ ਵੀ ਪਵਿੱਤਰ ਕਾਲੀ ਵੇਈਂ ਦੀ ਤਰਜ਼ 'ਤੇ ਸਾਫ਼ ਕਰਨ ਦਾ ਸੁਝਾਅ ਦਿੱਤਾ ਗਿਆ। ਗੰਗਾ ਨਦੀਂ ਨੂੰ ਵੀ ਸਾਫ਼ ਕਰਨ ਲਈ 'ਸੀਚੇਵਾਲ ਮਾਡਲ' ਲਾਗੂ ਕੀਤਾ ਜਾ ਰਿਹਾ ਹੈ।ਪਵਿੱਤਰ ਵੇਈਂ ਦੀ ਸਫਾਈ ਵਿੱਚੋਂ ਹੀ ਪੰਜਾਬ ਦੇ ਪਿੰਡਾਂ ਵਿੱਚ ਸੀਵਰੇਜ਼ ਪਾਉਣ ਦੀ ਮੁਹਿੰਮ ਚਲਾਈ ਗਈ ਹੈ।ਪੰਜਾਬ ਦੇ 150 ਪਿੰਡਾਂ ਵਿੱਚ ਸਰਕਾਰ ਦੀ ਸਹਾਇਤਾਂ ਤੋਂ ਬਿਨ੍ਹਾਂ ਹੀ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਇੰਨ੍ਹਾਂ ਕਾਰਜਾਂ ਨੂੰ ਸਿਰੇ ਚਾੜ੍ਹਿਆ ਜਾ ਰਿਹਾ ਹੈ ।
Post a Comment

Previous Post Next Post