ਸ਼ੁੱਧ ਵਾਤਾਵਰਣ ਤੇ ਤੰਦਰੁਸਤ ਸਮਾਜ ਹੀ ਦੇਸ਼ ਦੀ ਹੋਂਦ ਨੂੰ ਬਚਾ ਕੇ ਰੱਖ ਸਕਦਾ ਹੈ…

ਦੇਸ਼ ਦੀਆਂ 351 ਨਦੀਆਂ ਵਿੱਚ ਵਗ ਰਿਹਾ ਜ਼ਹਿਰੀਲਾ ਪਾਣੀ
ਪਾਣੀ ਦੀ ਧਰਤੀ ਤਰਸੀ ਸਾਫ ਪਾਣੀਆਂ ਨੂੰ
ਸੀਚੇਵਾਲ ਮਾਡਲ ਬਣ ਸਕਦਾ ਦੇਸ਼ ਲਈ ਰਾਹ ਦਸੇਰਾ


ਸੁਲਤਾਨਪੁਰ ਲੋਧੀ 4 ਦਸੰਬਰ
ਭਾਰਤ ਦੇਸ਼ ਵਿੱਚ ਪਾਣੀ ਨੂੰ ਦੇਵਤਾ ਸਮਾਨ ਸਮਝਿਆ ਜਾਂਦਾ ਹੈ ਅਤੇ ਪੂਜਾ ਕੀਤੀ ਜਾਂਦੀ ਹੈ। ਉਹ ਅੰਮ੍ਰਿਤ ਵਰਗੇ ਪਾਣੀ ਜੋ ਜੀਵਨ ਵੰਡਦੇ ਆ ਉਨ੍ਹਾਂ ਨਦੀਆਂ ਦਰਿਆਵਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਪਾ ਕੇ ਨਿਰਜੀਵ ਬਣਾ ਦਿੱਤਾ ਹੈ। ਅਯੋਕੇ ਦੌਰ ਵਿੱਚ ਭਾਰਤ ਦੀਆਂ 65 ਫੀਸਦੀ ਨਦੀਆਂ ਭਿਆਨਕ ਰੂਪ ਵਿਚ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਸਤਲੁਜ, ਬੁੱਢਾ ਦਰਿਆ, ਚਿੱਟੀ ਵੇਈਂ, ਕਾਲਾ ਸੰਘਿਆਂ ਡਰੇਨ, ਗੰਗਾ, ਯਮੁਨਾ, ਕਾਵੇਰੀ, ਭਦਰਾ, ਕ੍ਰਿਸ਼ਨਾ, ਗੋਦਾਵਰੀ, ਕੁਮਾਰਾਧਾਰਾ, ਤੁੰਗਾ, ਕਾਲੀ, ਭੀਮਾ, ਸ਼ਿਮਸ਼ਾ ਸਮੇਤ ਹੋਰ ਸੈਂਕੜੇ ਸਹਾਇਕ ਨਦੀਆਂ ਵੀ ਇਸ ਵਿਚ ਸ਼ਾਮਿਲ ਹਨ। ਸਤਲੁਜ, ਗੰਗਾ ਅਤੇ ਯਮੁਨਾ ਦਾ
ਪਾਣੀ ਇਸ ਹੱਦ ਤੱਕ ਖਰਾਬ ਹੈ ਕਿ ਇਹ ਇਨਸਾਨ ਤਾਂ ਕੀ ਪਸ਼ੂ, ਪੰਛੀ ਅਤੇ ਖੇਤੀ ਦੇ ਵੀ ਕਾਬਿਲ ਨਹੀਂ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਰ.ਟੀ.ਆਈ ਦੇ ਦਿੱਤੇ ਗਏ ਜਵਾਬ ਰਾਂਹੀ ਹੋਇਆ ਹੈ। ਸੀ.ਪੀ.ਸੀ.ਬੀ ਮੁਤਾਬਕ ਦੇਸ਼ ਦੀਆਂ ਨਦੀਆਂ ਦੇ ਕਿਨਾਰੇ ਵਸੇ ਹੋਏ ਸ਼ਹਿਰ ਸਭ ਤੋਂ ਵੱਧ ਕੁਦਰਤ ਦਾ ਵਿਨਾਸ਼ ਕਰ ਰਹੇ ਹਨ ਕਿਉਂਕਿ ਜ਼ਿਆਦਾਤਰ ਸ਼ਹਿਰਾਂ ਵਿਚ ਅਜੇ ਤੱਕ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀ ਹਨ। 521 ਨਦੀਆਂ ਦੇ ਪਾਣੀ ਦੀ ਗੁਣਵਤਾ ਬਾਰੇ ਸੀ.ਪੀ.ਸੀ.ਬੀ ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ ਸਿਰਫ 198 ਨਦੀਆਂ ਹੀ ਅੰਮ੍ਰਿਤਮਈ ਜਲ ਨਾਲ ਭਰ ਕੇ ਵਗ ਰਹੀਆਂ ਹਨ। ਇੰਨ੍ਹਾਂ ਵਿਚ ਵੀ ਜ਼ਿਆਦਾਤਰ ਨਦੀਆਂ ਛੋਟੀਆਂ ਹਨ। ਦੇਸ਼ ਦੀਆਂ ਇਤਿਹਾਸਿਕ ਵੱਡੀਆਂ ਨਦੀਆਂ ਤਾਂ ਸ਼ਹਿਰਾਂ ਦੀ ਗੰਦਗੀ ਦੀ ਮਾਰ ਹੇਠ ਹਨ।
ਰਾਜਨੀਤਿਕ ਤੇ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਦੇਸ਼ ਦੀਆਂ ਨਦੀਆਂ, ਦਰਿਆ ਅਤੇ ਤਲਾਬ ਜ਼ਹਿਰੀਲੇ ਹੋ ਗਏ।ਪਿੰਡਾਂ ਸ਼ਹਿਰਾਂ ਦੇ ਗੰਦੇ ਪਾਣੀ ਕੁਦਰਤੀ ਸਰੋਤਾਂ ਵਿੱਚ ਪਾਉਣ ਨਾਲ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਗਈ। ਜਿਸ ਨਾਲ ਨਦੀਆਂ ਵਿੱਚ ਵਸਦੀਆਂ ਜਲਚਰ ਜੀਵਾਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਖਤਮ ਹੋ ਗਈਆਂ।ਨਦੀਆਂ ਕਿਨਾਰੇ ਵੱਸਦੇ ਪਿੰਡਾਂ ਦੇ ਲੋਕ ਜੋ ਇਸ ਪਾਣੀ ਨੂੰ ਬਿਨ੍ਹਾਂ ਸਾਫ ਕੀਤਿਆਂ ਪੀ ਰਹੇ ਹਨ। ਉਹ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ।
   ਨਦੀਆਂ ਦੀ ਸਵੱਛਤਾ ਦੀ ਗੱਲ ਕਰੀਏ ਤਾਂ ਦੇਸ਼ ਦਾ ਕੋਈ ਵੀ ਪ੍ਰਾਂਤ ਅਜਿਹਾ ਨਹੀਂ ਜਿਥੇ ਨਦੀਆਂ ਵਿੱਚ ਗੰਦਗੀ ਨਹੀਂ ਸੁੱਟੀ ਜਾ ਰਹੀ।ਕਾਰੋਬਾਰੀਆਂ ਦਾ ਘਰ ਸਮਝੇ ਜਾਂਦੇ ਮਹਾਂਰਾਸ਼ਟਰਾ ਦਾ ਹਾਲ ਸਭ ਤੋਂ ਵੱਧ ਮਾੜਾ ਹੈ। ਇੱਥੇ ਸਿਰਫ 7 ਨਦੀਆਂ ਸਾਫ਼ ਹਨ ਜਦਕਿ 45 ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸਤੋਂ ਬਾਅਦ ਗੰਗਾਂ ਭੂਮੀ ਸਮਝੇ ਜਾਂਦੇ ਉਤਰਾਖੰਡ ਵਿੱਚ 9, ਬਿਹਾਰ ਵਿੱਚ 3 ਅਤੇ ਉੱਤਰ ਪ੍ਰਦੇਸ਼ ਦੀਆਂ 11 ਨਦੀਆਂ ਪ੍ਰਦੂਸ਼ਣ ਦੀ ਮਾਰ ਝੱਲ ਰਹੀਆਂ ਹਨ।

                         ਸ਼ੁੱਧ ਵਾਤਾਵਰਣ ਤੇ ਤੰਦਰੁਸਤ ਸਮਾਜ ਹੀ ਦੇਸ਼ ਦੀ ਹੋਂਦ ਨੂੰ ਬਚਾ ਕੇ ਰੱਖ ਸਕਦਾ ਹੈ…                     


ਜਿਥੇ ਦੇਸ਼ ਭਰ ਵਿੱਚ ਨਦੀਆਂ ਦੇ ਪ੍ਰਦੂਸ਼ਣ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ ਉਥੇ ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਸੰਤ ਸੀਚੇਵਾਲ ਜੀ ਨੇ ਇਸ ਇਤਿਹਾਸਿਕ ਨਦੀ ਵਿੱਚ 150 ਪਿੰਡਾਂ ਅਤੇ 8 ਸ਼ਹਿਰਾਂ ਦੇ ਪੈਂਦੇ ਗੰਦੇ ਪਾਣੀਆਂ ਨੂੰ ਸੋਦ ਕੇ ਖੇਤੀ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ।ਜਿਹੜਾ ਜ਼ਹਿਰੀਲਾ ਪਾਣੀ ਕੁਦਰਤੀ ਸਰੋਤ ਨੂੰ ਗੰਦਾ ਕਰ ਰਿਹਾ ਸੀ ਅਤੇ ਇਹ ਪਾਣੀ ਮਾਲਵਾ ਤੇ ਰਾਜਸਥਾਨ ਦੇ ਲੋਕ ਸਿੱਧੇ ਤੌਰ ਤੇ ਪੀਂਦੇ ਹਨ। ਉਨ੍ਹਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। 'ਸੀਚੇਵਾਲ ਮਾਡਲ' ਦੇ ਤੌਰ ਤੇ ਦੁਨੀਆਂ ਭਰ ਵਿੱਚ ਪ੍ਰਸਿੱਧ ਹੋਏ ਇਸ ਮਾਡਲ ਰਾਹੀਂ ਦੇਸ਼ ਦੀਆਂ ਨਦੀਆਂ ਘੱਟ ਲਾਗਤ ਖਰਚ ਵਿੱਚ ਪ੍ਰਦੂਸ਼ਣ ਮੁਕਤ ਕੀਤੀਆਂ ਜਾ ਸਕਦੀਆਂ ਹਨ।ਜਿਹੜੇ ਗੰਦੇ ਪਾਣੀ ਦੇਸ਼ ਲਈ ਸਿਰਦਰਦੀ ਬਣੇ ਹੋਏ ਹਨ ਉਹ ਪਾਣੀ ਖੇਤੀ ਨੂੰ ਲਗਾ ਕੇ ਅਸੀਂ ਅਰਬਾਂ ਰੂਪੈ ਦੀ ਖਾਦ ਬਚਾ ਸਕਦੇ ਹਾਂ। ਦੇਸ਼ ਦੇ ਦਰਿਆ ਵੀ ਪ੍ਰਦੂਸ਼ਣ ਮੁਕਤ ਹੋਣਗੇ, ਆਰਗੈਨਿਕ ਖੇਤੀ ਦਾ ਸੁਪਨਾ ਵੀ ਪੂਰਾ ਹੋਵੇਗਾ ਅਤੇ ਦੇਸ਼ ਦੇ ਲੋਕ ਵੀ ਤੰਦਰੁਸਤ ਹੋਣਗੇ ਅਤੇ ਅਰਬਾਂ ਖਰਬਾਂ ਰੂਪੈ ਦੀਆਂ ਮਨੁੱਖੀ ਦਵਾਈਆਂ ਦੀ ਵਰਤੋਂ ਵੀ ਘਟੇਗੀ।ਜਿਸ ਨਾਲ ਦੇਸ਼ ਦਾ ਵਾਤਾਵਰਣ ਸ਼ੁੱਧ ਹੋਵੇਗਾ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋਵੇਗੀ।


Post a Comment

Previous Post Next Post