ਬਾਬੇ ਨਾਨਕ ਦੀ ਬਾਣੀ ਭੁੱਲ ਕੇ ਸਾਰਾ ਸੰਸਾਰ ਆਲਮੀ ਤਪਸ਼ ਦੀ ਭੱਠੀ ਵਿੱਚ ਝੁਲਸ ਰਿਹਾ ਹੈ:- ਸੰਤ ਸੀਚੇਵਾਲ

5 ਜੂਨ ਵਿਸ਼ਵ ਵਾਤਾਵਰਣ ਦਿਵਸ ਲਈ ਵਿਸ਼ੇਸ਼


ਇਹ ਇੱਕ ਇਤਫਾਕ ਹੀ ਹੈ ਕਿ ਵਿਸ਼ਵ ਵਾਤਾਵਰਣ ਦਿਵਸ ਨੂੰ ਅਸੀਂ ਉਸੇ ਸਾਲ ਵਿੱਚ ਮਨਾ ਰਹੇ ਹਾਂ ਜਿਸ ਸਾਲ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਸੰਸਾਰ ਭਰ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇੰਨ੍ਹਾਂ ਦੋਹਾਂ ਗੱਲ ਦਾ ਆਪਸੀ ਸਬੰਧ ਵੀ ਬੜਾ ਗੂੜ੍ਹਾ ਹੈ।
ਆਲਮੀ ਪੱਧਰ ਦਾ ਵਾਤਾਵਰਣ ਦਿਵਸ ਤਾਂ ਹਰ ਸਾਲ ਮਨਾਇਆ ਜਾਂਦਾ ਹੈ ਪਰ ਸਾਲ 2019 ਵਿੱਚ ਇਸ ਦਾ ਇੱਕ ਖ਼ਾਸ ਮਹਾਤਮ ਇਸ ਕਰਕੇ ਵੀ ਹੈ ਕਿ ਕਰੋੜਾਂ ਦੀ ਗਿਣਤੀ ਵਿੱਚ ਸੰਸਾਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਪਣੇ ਇਸ ਰਹਿਬਰ ਦਾ 550ਵਾਂ ਪ੍ਰਕਾਸ਼ ਪੁਰਬ ਵੀ  ਬੜੀ ਸ਼ਰਧਾ ਨਾਲ ਮਨਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਹੀ ਸਨ ਜਿੰਨ੍ਹਾਂ ਨੇ ਆਪਣੀ ਬਾਣੀ ਰਾਹੀ ਕਾਦਰ ਦੀ ਕੁਦਰਤ ਨਾਲ ਇੱਕਮਿਕ ਹੋਣ ਦਾ ਜਿਹੜਾ ਸੁਨੇਹਾ ਦਿੱਤਾ ਹੈ, ਉਸ ਦਾ ਰਹਿੰਦੀ ਦੁਨੀਆਂ ਤੱਕ ਵੀ ਕੋਈ ਬਦਲ ਪੈਦਾ ਨਹੀਂ ਹੋ ਸਕਦਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਲੋਕ ਦੇ ਸਿਰਫ਼ ਸੱਤ ਅੱਖਰ ਹੀ ਗੋਲਬਲ ਵਾਰਮਿੰਗ ਦਾ ਪੱਕੇ ਹੱਲ ਕਰਨ ਦੇ ਸਮਰੱਥ  ਹਨ। ਇਸ ਨੂੰ ਦੁਨੀਆਂ ਅੱਜ ਮੰਨ ਲਵੇ ਜਾਂ ਕਲ੍ਹ ਮੰਨ ਲਵੇ। ਧਰਤੀ ਦਾ ਹਿਰਦਾ ਠਾਰਨ ਲਈ ਇੰਨ੍ਹਾਂ ਸੱਤਾ ਅੱਖਰਾਂ ਦੇ ਵਿੱਚੋਂ ਦੀ ਹੋ ਕੇ ਹੀ ਲੰਘਣਾ ਪਵੇਗਾ। ਪਹਿਲੇ ਸਲੋਕ ਦੇ ਇਹ ਸੱਤ ਸ਼ਬਦ ਹਨ;
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਗੁਰੂ ਸਾਹਿਬ ਜੀ ਦੀ ਬਾਣੀ ਦੇ ਇਹੀ ਸੱਤ ਸ਼ਬਦ ਵਿੱਚ ਸਾਰੀ ਕਾਇਨਾਤ ਦਾ ਵੀ ਸੱਚ ਹੈ।
ਇਸ ਵਿੱਚ ਹਵਾ ਨੂੰ ਗੁਰੂ ਮੰਨਿਆ ਹੈ, ਪਾਣੀ ਨੂੰ ਪਿਤਾ ਦੇ ਸਮਾਨ ਦੱਸਿਆ ਹੈ ਤੇ ਧਰਤੀ ਨੂੰ ਮਾਂ ਦਰਜਾ ਦਿੱਤਾ ਗਿਆ ਹੈ। ਇੰਨ੍ਹਾਂ ਸ਼ਬਦਾਂ ਵਿੱਚੋਂ ਦੁਨੀਆਂ ਦੇ ਵਸਦੇ ਕਿਸੇ ਮਨੁੱਖ ਲਈ ਕੋਈ ਵੀ ਸ਼ਬਦ ਓਪਰਾ ਨਹੀਂ ਹੈ। ਜੇ ਏਨੇ ਸੌਖੇ ਸ਼ਬਦਾਂ ਦੇ ਅਰਥ ਵੀ ਅਸੀਂ ਨਹੀਂ ਸਮਝਾਗੇ ਤਾਂ ਫਿਰ ਕੁਦਰਤ ਦੇ ਨਾਲ ਨੇੜਤਾ ਕਿਵੇਂ ਬਣੇਗੀ ? ਸਾਨੂੰ ਜਿੱਥੇ ਆਪਣੇ ਆਪ ਨੂੰ ਕੁਦਰਤ ਨਾਲ ਫਿਰ ਤੋਂ ਜੋੜਨਾ ਪਵੇਗਾ ਉਥੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਅਨਕੂਲ ਚੱਲਣ ਲਈ ਪ੍ਰੇਰਨਾ ਪਵੇਗਾ। ਗੁਰੂ ਨਾਨਕ ਦੇਵ ਜੀ ਹੀ ਸਨ ਜਿੰਨ੍ਹਾਂ ਨੇ ਬਲੀ ਕੰਧਾਰੀ ਦੇ ਹੰਕਾਰ ਨੂੰ ਚਣੌਤੀ ਦਿੰਦਿਆ ਇਹ ਸੁਨੇਹਾ ਦਿੱਤਾ ਸੀ ਕਿ ਪਾਣੀ 'ਤੇ ਸਭ ਦਾ ਹੱਕ ਹੈ। ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਪਾਣੀਆਂ 'ਤੇ ਏਕਾ ਅਧਿਕਾਰ ਦਾ ਕਬਜ਼ਾ ਜਮਾਉਣ ਵਾਲਿਆਂ ਲਈ ਵੀ ਇੱਕ ਸਬਕ ਹੈ ਕਿ ਕੁਦਰਤ ਦੀ ਅਣਮੁੱਲੀ ਦਾਤ ਪਾਣੀ 'ਤੇ ਸਾਰਿਆਂ ਦਾ ਹੱਕ ਹੈ ਤੇ ਇਹ ਸਾਰਿਆਂ ਲਈ ਹੈ ਪਰ ਅੱਜ ਕੁਦਰਤੀ ਦੀ ਇਸ ਅਣਮੁੱਲੀ ਦਾਤ ਨੂੰ ਜਾਣ ਬੁੱਝ ਕੇ ਪਹਿਲਾਂ ਗੰਧਲਾ ਕੀਤਾ ਗਿਆ ਤੇ ਫਿਰ ਇਸ ਨੂੰ ਇੱਕ ਵੱਡੇ  ਵਪਾਰ ਵਿੱਚ ਬਦਲ ਦਿੱਤਾ ਗਿਆ ਹੈ। ਪੰਜਾਂ ਪਾਣੀਆਂ ਦੀ ਧਰਤੀ ਪੰਜਾਬ 'ਤੇ ਪਾਣੀ ਦਾ ਵਪਾਰ ਹੋਣਾ ਮੰਦਭਾਗੀ ਗੱਲ ਹੈ।

ਵਿਸ਼ਵ ਪੱਧਰ 'ਤੇ  1974 ਤੋਂ ਵਾਤਾਵਰਣ ਦਿਵਸ ਮਨਾਉਂਦਿਆ ਨੂੰ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਇੰਨ੍ਹਾਂ ੪੫ ਸਾਲਾਂ ਦੌਰਾਨ  ਜੋ 'ਤਰੱਕੀ' ਦਾ ਦੌਰ ਚੱਲਿਆ ਉਸ ਨੇ ਸਭ ਤੋਂ ਵੱਧ ਕੁਦਰਤੀ ਸੋਮਿਆਂ ਦੀ ਤਬਾਹੀ ਮਚਾਈ ਹੈ। ਮਨੁੱਖੀ ਲਾਲਚ ਨੇ ਪਹਾੜਾਂ, ਜੰਗਲਾਂ, ਦਰਿਆਵਾਂ ਤੇ ਹੋਰ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਤਬਾਹੀ ਕੀਤੀ ਹੈ ਅਤੇ ਇਹ ਤਬਾਹੀ ਲਗਾਤਾਰ ਜਾਰੀ ਵੀ ਹੈ। ਇਸ ਲਾਲਚ ਨੇ ਹੀ ਮਨੁੱਖ ਅਤੇ ਕੁਦਰਤ ਵਿਚਲੀਆਂ ਦੂਰੀਆਂ ਨੂੰ ਵਧਾਇਆ ਹੈ। ਜਿਵੇਂ-ਜਿਵੇਂ ਇਹ ਪਾੜਾ ਡੂੰਘਾ ਹੁੰਦਾ ਜਾ ਰਿਹਾ ਹੈ ਉਵੇਂ-ਉਵੇਂ ਹੀ ਮਨੁੱਖ ਕੁਦਰਤ ਦੇ ਵਿਰੁੱਧ ਹੋਰ ਤੇਜ਼ੀ ਨਾਲ ਚੱਲਦਾ ਜਾ ਰਿਹਾ ਹੈ। ਮਨੁੱਖੀ ਲਾਲਚ ਏਨਾ ਵੱਧ ਗਿਆ ਕਿ ਉਹ ਜੰਗਲ ਤੇ ਪਹਾੜ ਖਾਹ ਗਿਆ ਅਤੇ ਦਰਿਆਵਾਂ ਨੂੰ ਬਿਨ੍ਹਾਂ ਡਕਾਰ ਮਾਰਿਆ ਹੀ ਪੀ ਗਿਆ। ਬਾਬੇ ਨਾਨਕ ਦਾ ਸਰਬੱਤ ਦਾ ਭਲਾ ਤਾਂ ਇਸ ਧਰਤੀ 'ਤੇ ਰਹਿਣ ਵਾਲੇ ਸਾਰੇ ਜੀਵਾਂ ਲਈ ਹੈ। ਅਸੀਂ ਨਾ ਤਾਂ ਬਾਬੇ ਨਾਨਕ ਦੀ ਗੱਲ ਮੰਨ ਰਹੇ ਹਾਂ ਤੇ ਨਾ ਹੀ ਬਾਣੀ 'ਤੇ ਅਮਲ ਕਰ ਰਹੇ ਹਾਂ। ਲਾਲਚਵੱਸ ਮਨੁੱਖ ਆਪਣੀ ਤਬਾਹੀ ਵਾਲੇ ਰਾਹ ਤੁਰਿਆ ਹੋਇਆ ਹੈ। ਚਾਰ ਦਹਾਕਿਆਂ ਵਿੱਚ ਹੀ ਅਸੀਂ ਆਪਣੀ ਧਰਤੀ ਮਾਂ ਨੂੰ  ਇੱਕ ਬੱਲਦੀ ਭੱਠੀ ਵਿੱਚ ਝੋਕ ਦਿੱਤਾ ਹੈ। ਅੰਮ੍ਰਿਤ ਵਰਗੇ ਵੱਗਦੇ ਦਰਿਆਵਾਂ ਵਿੱਚ ਜ਼ਹਿਰਾਂ ਘੋਲ ਦਿੱਤੀਆਂ ਹਨ। ਹਵਾ ਨੂੰ ਸਾਹ ਲੈਣ ਜੋਗੀ ਨਹੀਂ ਛੱਡਿਆ। ਇਸ ਵਰਤਾਰੇ ਨੇ  ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਤਬਾਹੀ ਦੀ ਦਸਤਕ ਦਿੱਤੀ ਹੈ। ਜਿੱਥੇ ਕੁਦਰਤੀ ਸਰੋਤ ਤਬਾਹ ਕਰ ਦਿੱਤੇ ਜਾਣ ਉਸ ਨੂੰ ਤਰੱਕੀ ਕਿਵੇਂ ਮੰਨਿਆ ਜਾ ਸਕਦਾ ਹੈ ?
ਵੱਡੀ ਚਣੌਤੀ ਹਵਾ ਵਿਚਲਾ ਪ੍ਰਦੂਸ਼ਣ ਵੀ ਬਣਦਾ ਜਾ ਰਿਹਾ ਹੈ। ਸਾਹ ਲੈਣਾ ਔਖਾ ਹੋ ਰਿਹਾ ਹੈ। ਇਟਲੀ ਦੀ ਫੇਰੀ ਸਮੇਂ ਉਥੇ ਸਾਨੂੰ ਇੱਕ ਪਿੰਡ ਦਾ ਸਰਪੰਚ ਮਿਲਿਆ ਸੀ ਜਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੇ ਰੁੱਖ ਅਸੀਂ ਪੰਜਾਬ ਵਿੱਚ ਲਾ ਰਹੇ ਹਾਂ ਉਸ ਦਾ ਲਾਭ ਇਟਲੀ ਵਾਲਿਆਂ ਨੂੰ ਵੀ ਹੋ ਰਿਹਾ ਹੈ। ਇਸ ਤਰ੍ਹਾਂ ਦੀ ਹੀ ਸਮਝ ਪੈਦਾ ਕਰਨ ਦੀ ਲੋੜ ਹੈ ਕਿਉਂਕਿ ਹਵਾ ਸਭ ਦੀ ਸਾਂਝੀ ਹੈ। ਪਾਣੀ ਸਾਰਿਆਂ ਦੇ ਸਾਂਝੇ ਹਨ ਜਿਸ ਧਰਤੀ ਗ੍ਰਹਿ 'ਤੇ ਰਹਿ ਰਹੇ ਹਾਂ ਇਹ ਸਾਡੀ ਸਾਰਿਆਂ ਦੀ ਮਾਂ ਹੈ। ਇੰਨ੍ਹਾਂ ਤਿੰਨ੍ਹਾਂ ਗੱਲਾਂ ਨੂੰ ਜਿੰਨੇ ਸੌਖੇ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਿਆ ਹੈ ਏਨੇ ਸੌਖੇ ਢੰਗ ਨਾਲ ਕੋਈ ਵੀ ਸਮਝਾ ਨਹੀਂ ਸਕਦਾ।
ਕੁਦਰਤ ਦੇ ਅਨਮੋਲ ਭੰਡਾਰੇ ਤਾਂ ਸਾਰਿਆਂ ਲਈ ਸਾਂਝੇ ਹੁੰਦੇ ਹਨ। ਪਸ਼ੂ,ਪੰਛੀ, ਜਲਚਰ ਜੀਵ ਤੇ ਬਨਸਪਤੀ ਇਹ ਸਾਰਾ ਕੁਝ ਤਾਂ ਧਰਤੀ ਦੇ ਕੁਦਰਤੀ ਸ਼ਿੰਗਾਰ ਹਨ। ਕੁਦਰਤ ਨਾਲੋਂ ਟੁਟਣ ਨਾਲ ਹੀ ਭੁਚਾਲ, ਭਿਆਨਕ ਹੜ੍ਹ ਅਤੇ ਸੁਨਾਮੀ ਦੀ ਲਪੇਟ 'ਚ ਆ ਕੇ ਹਜਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਹ ਸਾਰਾ ਕੁਝ ਮਨੁੱਖ ਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਹੀ ਨਤੀਜਾ ਹੈ।
ਦੁਨੀਆਂ ਭਰ ਵਿੱਚ ਵੱਧ ਰਿਹਾ ਤਾਪਮਾਨ ਜਿਸ ਨੂੰ ਗਲੋਬਲ ਵਾਰਮਿੰਗ ਕਰਕੇ ਜਾਣਿਆ ਜਾਂਦਾ ਹੈ ਅੱਜ ਵਿਸ਼ਵ ਭਰ ਲਈ ਚਣੌਤੀ ਬਣ ਚੁੱਕਾ ਹੈ। ਸੰਯੁਕਤ ਰਾਸ਼ਟਰ ਸਾਰੇ ਮੁਲਕਾਂ ਨੂੰ ਇੱਕ ਮੰਚ 'ਤੇ ਇਕੱਠਿਆਂ ਕਰਕੇ ਵਾਰ ਵਾਰ ਵਾਤਾਵਰਣ ਦੇ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਹਿੰਦਾ ਆ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਇਹ ਅਜਿਹੇ ਸਮਝੋਤੇ ਹੋ ਰਹੇ ਹਨ ਕਿ 2020 ਤੱਕ 20 ਫੀਸਦੀ ਕਾਰਬਨਡਾਇਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਨੂੰ ਘਟਾਇਆ ਜਾਵੇ। ਸੰਯੁਕਤ ਰਾਸ਼ਟਰ ਦੇ ਇਸ ਸੱਦੇ ਨੁੰ ਸਾਰੇ ਮੁਲਕਾਂ ਨੇ ਹਾਂ ਪੱਖੀ ਹੰਗਾਰਾ ਦਿੱਤਾ ਹੈ। ਇਹ ਸਾਰੇ ਵਿਸ਼ਵ ਵਾਸਤੇ ਇੱਕ ਚੰਗੀ ਸ਼ੁਰਆਤ ਮੰਨਿਆ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਰਿਸ ਦੀ ਸੰਧੀ ਨੂੰ ਨਿਕਾਰਿਆ ਹੈ ਉਹ ਬਹੁਤ ਹੀ ਮੰਦਭਾਗਾ ਹੈ।
ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਦੁਨੀਆਂ ਭਰ ਵਿੱਚ ਮੁਲਕ ਚਿੰਤਨ ਤਾਂ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਵਾਤਾਵਰਣ ਦਾ ਬੇਹੱਦ ਦਰਜੇ ਤੱਕ ਦੂਸ਼ਿਤ ਹੋਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਭਾਰਤ ਵਿੱਚ ਵੀ 1974 ਦਾ ਵਾਟਰ ਐਕਟ ਹੈ ਜਿਹੜਾ ਸਾਡੇ ਪਾਣੀਆਂ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਬਣਾਇਆ ਗਿਆ ਸੀ। ਉਸ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।
ਗਲੋਬਲ ਵਾਰਮਿੰਗ ਕਿਸੇ ਇਕ ਇਨਸਾਨ ਜਾਂ ਇੱਕ ਮੁਲਕ ਦੀਆਂ ਗਲਤੀਆਂ ਦਾ ਨਤੀਜਾ ਨਹੀਂ ਹੈ ਸਗੋਂ ਇਸ ਲਈ ਸੰਸਾਰ ਦੇ ਸਾਰੇ ਹੀ ਦੇਸ਼ ਜਿੰਮੇਵਾਰੀ ਤੋਂ ਬਚ ਨਹੀਂ ਸਕਦੇ ਤੇ ਖਾਸ ਕਰਕੇ ਵਿਕਸਤ ਦੇਸ਼ਾਂ ਨੇ ਸਭ ਤੋਂ ਵੱਧ ਗੰਦ ਪਾਇਆ ਹੋਇਆ ਹੈ ਇਸੇ ਕਰਕੇ ਹੀ ਆਲਮੀ ਤਪਸ਼ ਦੀ ਇਹ ਸਮੱਸਿਆ ਹਰ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਨੂੰ ਕਿਸੇ ਇੱਕ ਦੇ ਯਤਨਾਂ ਨਾਲ ਨਹੀਂ ਸਗੋਂ ਪੂਰੇ ਵਿਸ਼ਵ ਦੇ ਸਮੂਹਕ ਯਤਨਾਂ ਨਾਲ ਘਟਾਇਆ ਜਾ ਸਕਦਾ ਹੈ। ਹਰ ਮੁਲਕ ਅਤੇ ਹਰ ਮਨੁੱਖ ਆਲਮੀ ਤਪਸ਼ ਨੂੰ ਘਟਾਉਣ ਲਈ ਆਪਣੀ ਜਿੰਮੇਵਾਰੀ ਸਮਝੇ ਅਤੇ ਨਿਭਾਵੇ ਤਾਂ ਹੀ ਕੁਦਰਤ ਦਾ ਸੰਮਤੋਲ ਬਣਿਆ ਰਹਿ ਸਕਦਾ ਹੈ।
ਵਾਤਾਵਰਣ ਦੇ ਪ੍ਰਦੂਸ਼ਣ ਨਾਲ ਇੱਕਲਾ ਸਿਹਤ ਤੇ ਕੁਦਰਤੀ  ਸਾਧਨਾਂ 'ਤੇ ਅਸਰ ਨਹੀਂ ਹੁੰਦਾ ਸਗੋਂ ਇਸ ਦਾ ਅਸਰ ਮਨੁੱਖ ਦੀ ਮਾਨਸਿਕਤਾ 'ਤੇ ਵੀ ਪੈਂਦਾ ਹੈ। ਭ੍ਰਿਸਟਾਚਾਰ, ਅਨੈਤਿਕਤਾ, ਮਨੁੱਖ ਦਾ ਆਪਣੇ ਆਪ ਨਾਲੋਂ ਟੁੱਟਣਾ, ਸਮਾਜਿਕ  ਕਦਰਾ ਕੀਮਤਾਂ 'ਚ ਗਿਰਾਵਟ, ਮਾਨਸਿਕ ਬਿਮਾਰੀਆਂ ਇਸ ਵੱਧ ਰਹੇ ਪ੍ਰਦੂਸ਼ਣ ਦੀ ਹੀ ਦੇਣ ਹਨ। ਕਿਉਂਕਿ ਸਿਆਣੇ ਆਖਦੇ ਹਨ ਕਿ 'ਜੈਸਾ ਅੰਨ ਤੈਸਾ ਮਨ, ਜੈਸਾ ਦੁੱਧ ਵੈਸੀ ਬੁੱਧ, ਜੈਸਾ ਪਾਣੀ ਤੈਸਾ ਪ੍ਰਾਣੀ'। ਭੋਜਨ, ਪਾਣੀ ਤੇ ਦੁੱਧ ਦਾ ਸਿੱਧਾ ਅਸਰ ਬੁੱਧ 'ਤੇ ਪੈਂਦਾ ਹੈ। ਸਾਡੇ ਇਹ ਭੋਜਨ ਪੂਰੀ ਤਰ੍ਹਾਂ ਨਾਲ ਦੂਸ਼ਿਤ ਹੋ ਚੁੱਕੇ ਹਨ।
ਅਸੀਂ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਲਦੇ ਹਾਂ ਉਹ ਕੁਦਰਤ ਵਿੱਚ ਵਸਿਆ ਹੋਇਆ ਹੈ। ਕੁਦਰਤ ਨਾਲ ਇੱਕ ਸੁਰ ਹੋਣ ਨਾਲ ਹੀ ਕੁਦਰਤ ਵਿੱਚ ਕੁਦਰਤ ਵਾਲਾ ਦਿਸਦਾ ਹੈ ਪਰ ਅਸੀਂ ੨੧ਵੀਂ ਸਦੀ ਦੇ ਪੜ੍ਹੇ ਲਿਖੇ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਵਿਗਿਆਨਕ ਸੋਚ ਰੱਖਦਿਆਂ ਹੋਇਆਂ ਵੀ ਅਣਮਨੁੱਖੀ ਅਤੇ ਗੈਰ ਕੁਦਰਤੀ ਵਰਤਾਰਾ ਕਰਦੇ ਜਾ ਰਹੇ ਹਾਂ।
ਜੇਕਰ ਅਸੀਂ ਗੁਰਬਾਣੀ ਦੇ ਦੱਸੇ ਰਾਹ 'ਤੇ ਚੱਲਦੇ ਹੁੰਦੇ ਤਾਂ ਦੁਨੀਆਂ ਭਰ ਦੇ ਲੋਕ ਅੱਜ ਪੰਜਾਬ ਦੀ ਧਰਤੀ 'ਤੇ ਸਤਿਗੁਰੂਆਂ ਦੀਆਂ ਦਿੱਤੀਆਂ ਹੋਈਆਂ  ਬਖਸ਼ਿਸ਼ਾਂ ਨੂੰ ਦੇਖਣ ਲਈ ਆਉਦੇ ਕਿ ਬਾਬੇ ਨਾਨਕ ਦੀ ਬਾਣੀ ਨੂੰ ਮੰਨਣ ਵਾਲਿਆਂ ਨੇ ਕਿਵੇਂ ਪਾਣੀਆਂ ਨੂੰ ਸੰਭਾਲਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਸਾਰਾ ਕੁਝ ਨਹੀਂ ਹੋ ਸਕਿਆ ਜੋ ਹੋਣਾ ਚਾਹੀਦਾ ਸੀ। ਬਾਬੇ ਨਾਨਕ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਦੇ ਲੋਕਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਨਤਮਸਤਕ ਹੋਣ ਲਈ ਆਉਣਾ ਹੈ। ਘੱਟੋ ਘੱਟ ਇਸ ਨਗਰੀ ਨੂੰ ਵਤਾਵਰਣ ਪੱਖੋਂ ਏਨੀ ਖੁਬਸੂਰਤ ਬਣਾ ਦੀਏ ਤਾਂ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਵਾਤਾਵਰਣ ਦਾ ਸੁਨੇਹਾ ਲੈਕੇ ਜਾਣ।
ਜੁਲਾਈ 2000 ਤੋਂ ਲਗਾਤਾਰ ਪਵਿੱਤਰ ਕਾਲੀ ਵੇਈਂ ਦੀ ਹੱਥੀ ਕਾਰ ਸੇਵਾ ਕੀਤੀ ਗਈ ਹੈ। ਜਿਸ ਕਾਰਨ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਸਾਫ਼ ਹੋਈ ਵੇਈਂ ਸਭ ਲਈ ਇੱਕ ਮਿਸਾਲ ਬਣ ਗਈ ਹੈ। ਵੇਈਂ ਦੀ ਕਾਰ ਸੇਵਾ ਨੇ ਗੁਰਬਾਣੀ ਦੇ ਇਸ ਮਹਾਂਵਾਕ ਨੂੰ ਪੂਰੀ ਤਰ੍ਹਾਂ ਨਾਲ ਸਾਰਥਿਕ ਕਰ ਦਿੱਤਾ ਹੈ ਕਿ;
ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ॥
ਪਵਿੱਤਰ ਕਾਲੀ ਵੇਈ ਦੁਬਾਰਾ ਸਾਫ਼ ਸੁਥਰੀ ਵੱਗ ਰਹੀ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਘਰ ਤੋਂ ਹੋਈ ਸ਼ੁਰੂਆਤ ਸਾਰੀ ਦੁਨੀਆਂ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਸਾਫ ਸੁਥਰਾ ਰੱਖਣ ਲਈ ਰਾਹ ਦਸੇਰਾ ਬਣ ਗਈ  ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਧਰਤੀ ਤੋਂ ਜੋ ਸੁਨੇਹਾ ਸਰਬੱਤ ਦੇ ਭਲੇ ਦਾ ਦਿੱਤਾ ਗਿਆ ਸੀ ਉਸ ਨੂੰ ਸਾਰਥਿਕ ਕਰਨ ਦਾ ਸਮਾਂ ਆ ਗਿਆ ਹੈ। ਆਓ ਆਪਣੇ ਆਲੇ ਦੁਆਲੇ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਗੰਦਗੀ ਪੈਣ ਤੋਂ ਰੋਕੀਏ। ਵੱਧ ਤੋਂ ਵੱਧ ਰੁੱਖ ਲਾ ਕੇ ਇਸ ਧਰਤੀ ਨੂੰ ਸਾਹ ਲੈਣ ਯੋਗ ਬਣਾਈਏ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਇਸ ਧਰਤੀ ਨੂੰ ਰਹਿਣਯੋਗ ਬਣਾਈਏ। ਹਰ ਪਿੰਡ ਵਿੱਚ 550ਰੁੱਖ ਲਾਈਏ ਤੇ ਉਨ੍ਹਾਂ ਨੂੰ ਸੰਭਾਲੀਏ।

ਲੇਖਕ ਸੰਤ ਬਲਬੀਰ ਸਿੰਘ ਸੀਚੇਵਾਲ
9417319463

Post a Comment

Previous Post Next Post