ਕੋਰੋਨਾ ਨਾਲੋਂ ਇਸਦੀ ਦਹਿਸ਼ਤ ਜ਼ਿਆਦਾ ਖਤਰਨਾਕ...ਕੋਰੋਨਾ ਵਾਇਰਸ : ਸਾਵਧਾਨੀ ਵਰਤਣ ਦੀ ਲੋੜ ਪਰ ਗਰੀਬਾਂ ਦੇ ਚੁੱਲ੍ਹੇ਼ ਬਲਦੇ ਰੱਖੇ ਸਰਕਾਰ

ਸੰਤ ਬਲਬੀਰ ਸਿੰਘ ਸੀਚੇਵਾਲ


ਲਾਕਡਾਊਨ ’ਚ ਲੋਕਾਂ ਦੇ ਮੂੰਹ ਅਤੇ ਹੱਥ ਬੰਨ੍ਹ ਕੇ ਘਰੀਂ ਬਿਠਾ ਦਿੱਤਾ ਗਿਆ, ਜਿਸ ਕਾਰਨ ਗਰੀਬ ਪਰਿਵਾਰਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਜਾਂ ਤਾਂ ਸਰਕਾਰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਹਰ ਤਰ੍ਹਾਂ ਪੂਰੀਆਂ ਕਰਦੀ। ਹੁਣ ਉਹ ਲੋਕ ਕੁਝ ਕਮਾਉਣਗੇ ਤਾਂ ਘਰ ਖਾਣ ਲਈ ਲੈ ਕੇ ਆਉਣਗੇ। ਇਹਦਾ ਇਲਾਜ਼ ਇਹੀ ਆ ਕਿ ਉਨ੍ਹਾਂ ਨੂੰ ਅੰਦਰ ਡੱਕਣ ਨਾਲੋਂ ਇਸ ਵਾਇਰਸ ਤੋਂ ਬਚਾਅ ਬਾਰੇ ਦੱਸਿਆ ਜਾਵੇ। ਸਰਕਾਰਾਂ ਵਲੋਂ ਕੁਝ ਸਮੇਂ ਲਈ ਕਰਫਿਊ ’ਚ ਢਿੱਲ ਦਿੱਤੀ ਗਈ ਹੈ ਪਰ ਸਾਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। ਜਿਹੜੇ ਇਲਾਕੇ ’ਚ ਇਸ ਵਾਇਰਸ ਦੇ ਮਰੀਜ਼ ਹਨ, ਉੱਥੇ ਸਖਤੀ ਵਰਤਣ ਦੀ ਵੀ ਲੋੜ ਹੈ ਪਰ ਦੂਜੇ ਖੇਤਰਾਂ ’ਚ ਲੋਕਾਂ ਨੂੰ ਖੁਦ ਸੁਚੇਤ ਹੋਣਾ ਚਾਹੀਦਾ ਹੈ। ਜੇਕਰ ਅੱਜ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲੱਖਾਂ ’ਚ ਪਹੁੰਚੀ ਹੈ ਤਾਂ ਇਸਦਾ ਵੱਡਾ ਕਾਰਨ ਵਾਇਰਸ ਪ੍ਰਤੀ ਲਾਪ੍ਰਵਾਹੀ ਵੀ ਹੈ। ਸਾਨੂੰ ਦੋਨਾਂ ਪੱਖਾਂ ਬਾਰੇ ਸੋਚਣਾ ਪਵੇਗਾ। ਸੰਭਾਵਿਤ ਕੰਮ ਵੀ ਚਲਦੇ ਰਹਿਣ ਅਤੇ ਕੋਰੋਨਾ ਤੋਂ ਵੀ ਬਚਿਆ ਜਾਵੇ ਤਾਂ ਹੀ ਬੇੜੀ ਕਿਸੇ ਤਣ ਪੱਤਣ ਲੱਗ ਸਕਦੀ ਹੈ। 

ਕੋਰੋਨਾ ਮਹਾਮਾਰੀ : ਕਰਫਿਊ ਨਾਲੋਂ ਸਾਵਧਾਨੀਆਂ ਦੀ ਵਧੇਰੇ ਲੋੜ
ਕੋਰੋਨਾ ਮਹਾਮਾਰੀ ’ਚ ਲਾਕਡਾਊਨ ਨਾਲੋਂ ਵਧੇਰੇ ਲੋੜ ਸਾਵਧਾਨੀਆਂ ਦੀ ਹੈ। ਕੲਫਿਊ ਥੋੜੇ ਸਮੇਂ ਦਾ ਹੱਲ ਹੋ ਸਕਦਾ ਹੈ ਪਰ ਪੱਕਾ ਨਹੀਂ। ਲੋਕ ਘਰਾਂ ’ਚ ਬੈਠੇ ਉਡੀਕ ਰਹੇ ਹਨ ਕਿ ਕੋਰੋਨਾ ਖਤਮ ਹੋਵੇ ਤੇ ਉਹ ਆਪੋ-ਆਪਣੇ ਕੰਮਾਂ ਕਾਰਾਂ ’ਤੇ ਜਾਣ ਪਰ ਅਸਲੀਅਤ ਇਹ ਹੈ ਕਿ ਕੋਰੋਨਾ ਦੇ ਖਾਤਮੇ ਦਾ ਇਲਾਜ ਕਿਸੇ ਕੋਲ ਨਹੀਂ ਹੈ। ਨਾ ਕੋਈ ਦਵਾਈ ਤਿਆਰ ਹੋਈ ਹੈ ਅਤੇ ਨਾ ਹੀ ਲਾਕਡਾਊਨ ਕਰਕੇ ਇਸਨੂੰ ਪੂਰੀ ਤਰ੍ਹਾਂ ਖਤਮ ਕੀਤਾ ਕਾ ਸਕਦਾ ਹੈ। ਇਹ ਵਾਇਰਸ ਮੂੰਹ ਤੋਂ ਮੂੰਹ ਰਾਹੀਂ ਜਾਂ ਵਾਇਰਸ ਪ੍ਰਭਾਵਿਤ ਲੋਕਾਂ ਦੇ ਸੰਪਰਕ ’ਚ ਆਉਣ ਨਾਲ ਫੈਲ ਜਾਂਦਾ ਹੈ। ਇਸ ਤਰ੍ਹਾਂ ਇਕ ਵਿਅਕਤੀ ਤੋਂ ਅਗਾਂਹ ਫੈਲ ਸਕਦਾ ਹੈ। ਮੁੰਬਈ ’ਚ ਝੁੱਗੀਆਂ-ਝੌਂਪੜੀਆਂ ਵਾਲਿਆਂ ਨੂੰ ਇਸੇ ਕੜੀ ਤਹਿਤ ਹੀ ਕੋਰੋਨਾ ਹੋਇਆ ਹੋਵੇਗਾ। ਨਾ ਤਾਂ ਉਨ੍ਹਾਂ ਕੋਈ ਵਿਦੇਸ਼ ਯਾਤਰਾ ਕੀਤੀ ਹੈ ਅਤੇ ਨਾ ਕੋਈ ਵਿਦੇਸ਼ੀ ਸਿੱਧੇ ਤੌਰ ’ਤੇ ਉਨ੍ਹਾਂ ਦੇ ਸੰਪਰਕ ’ਚ ਆਇਆ। ਇਨ੍ਹਾਂ ਲੋਕਾਂ ਕੋਲ ਕੁਝ ਦਿਨਾਂ ਦੇ ਖਾਣ ਲਈ ਰਾਸ਼ਨ ਹੋ ਸਕਦਾ ਹੈ ਪਰ ਸਾਂਭਣ ਲਈ ਨਹੀਂ। ਜੋ ਕਮਾਇਆ ਖਾ ਲਿਆ। ਪੰਜਾਬ ’ਚ ਆਏ ਪ੍ਰਵਾਸੀ ਮਜ਼ਦੂਰ ਵਾਪਿਸ ਜਾਣੇ ਸ਼ੁਰੂ ਹੋ ਗਏ ਹਨ। ਕਾਰਨ ਲਾਕਡਾਊਨ, ਜਿਸ ਸਮੇਂ 500 ਮਰੀਜ਼ ਕੋਰੋਨਾ ਪ੍ਰਭਾਵਿਤ ਸੀ ਤਾਂ ਭਾਰਤ ਬੰਦ ਕਰ ਦਿੱਤਾ ਗਿਆ ਪਰ ਅੱਜ 1 ਲੱਖ ਤੋਂ ਪਾਰ ਅੰਕੜਾ ਪਹੁੰਚ ਗਿਆ ਹੈ ਤਾਂ ਸਰਕਾਰਾਂ ਕਰਫਿਊ ’ਚ ਢਿੱਲ ਦੇ ਰਹੀਆਂ ਹਨ। ਇਸਦਾ ਅਰਥ ਇਹ ਹੈ ਕਿ ਸਰਕਾਰਾਂ ਨੂੰ ਵੀ ਪਤਾ ਹੈ ਕਿ ਜਿੰਨਾ ਜ਼ਿਆਦਾ ਸਮਾਂ ਲਾਕਡਾਊਨ ਚੱਲੇਗਾ, ਸਰਕਾਰਾਂ ਅਤੇ ਲੋਕਾਂ ਲਈ ਕੋਰੋਨਾ ਨਾਲੋਂ ਵੀ ਵਧੇਰੇ ਮੁਸ਼ਕਲਾਂ ਆਉਣਗੀਆਂ। ਇਸ ਕਰਕੇ ਸਾਵਧਾਨੀ ਨਾਲ ਘਰੋਂ ਬਾਹਰ ਨਿਕਲੋ। ਮੂੰਹ ’ਤੇ ਮਾਸਕ ਪਾ ਕੇ। ਨਾ ਕਿਸੇ ਨੂੰ ਹੱਥ ਮਿਲਾਓ ਨਾ ਗਲੇ ਮਿਲੋ। ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ। ਰੋਜ਼ਾਨਾ ਦੀ ਕਾਲੀ ਮਿਰਚ, ਹਲਦੀ, ਅਦਰਕ, ਗਰਮ ਪਾਣੀ, ਚਾਹ, ਕੌਫ਼ੀ ਦੀ ਵਰਤੋਂ ਜਾਰੀ ਰੱਖੀ। ਘਰੋਂ ਬਾਹਰ ਨਿਕਲਦੇ ਸਮੇਂ ਹਰ ਵਿਅਕਤੀ ਤੋਂ ਨਿਰਧਾਰਿਤ ਦੂਰੀ ਬਣਾ ਕੇ ਰੱਖੋ। 

ਕੋਰੋਨਾ ਨਾਲੋਂ ਇਸਦੀ ਦਹਿਸ਼ਤ ਜ਼ਿਆਦਾ ਖਤਰਨਾਕ
ਜਿਸ ਸਮੇਂ ਸਵਰਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਸਾਨੂੰ ਮਿਲ ਕੇ ਗਏ ਸਨ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਪ੍ਰਸ਼ਾਸ਼ਨ ਵਲੋਂ ਸਾਨੂੰ ਵੀ ਅਗਾਹ ਕਰ ਦਿੱਤਾ ਗਿਆ ਸੀ। ਬੇਸ਼ੱਕ ਸਾਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਦੇ ਲੱਛਣ ਨਹੀਂ ਸਨ। ਸਾਡੇ ਟੈਸਟ ਦੀ ਰਿਪੋਰਟ ਵੀ ਨੈਗੇਟਿਵ ਆਈ ਪਰ ਹਾਲਾਤ ਇਹ ਨੇ ਕਿ ਲੋਕਾਂ ’ਚ ਵਾਇਰਸ ਨੂੰ ਲੈ ਕਿ ਬਹੁਤ ਸਾਰੀਆਂ ਅਫ਼ਵਾਹਾਂ ਹਨ। ਕਈ ਲੋਕ ਤਾਂ ਰਿਪੋਰਟ ਆਉਣ ਤੋਂ ਪਹਿਲਾਂ ਆਤਮਹੱਤਿਆ ਕਰ ਗਏ, ਜਦਕਿ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ। ਸ਼ੋਸ਼ਲ ਮੀਡੀਆ ’ਤੇ ਮਰੀਜ਼ਾਂ ਦੀਆਂ ਵਾਇਰਲ ਹੁੰਦੀਆਂ ਵੀਡੀਓਜ਼ ਨੇ ਲੋਕਾਂ ਨੂੰ ਹੋਰ ਸਦਮੇ ’ਚ ਲੈ ਆਂਦਾ ਹੈ। ਲੋਕ ਆਪਣੇ ਸਿਸਟਮ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਬੀਮਾਰੀ ਦੀ ਦਵਾਈ ਨਾ ਹੋਣ ਕਰਕੇ ਅਤੇ ਸਿਹਤ ਸਹੂਲਤਾਂ ਦੀ ਘਾਟ ਕਰਕੇ ਵੀ ਲੋਕ ਦਹਿਸ਼ਤ ’ਚ ਹਨ। ਜੋ ਵਾਇਰਸ ਪਾਜ਼ੇਟਿਵ ਮਰੀਜ਼ ਹੈ, ਉਹਨੂੰ ਲਗਦਾ ਹੈ ਕਿ ਸ਼ਾਇਦ ਉਹ ਹੁਣ ਨਹੀਂ ਬਚੇਗਾ। ਮਰੀਜ਼ ਨੂੰ ਲੱਗਦਾ ਹੈ ਕਿ ਹੁਣ ਉਹ ਸਮਾਜ ਦਾ ਹਿੱਸਾ ਨਹੀਂ ਹੈ। ਉਸਦੇ ਘਰ ਵਾਲੇ ਵੀ ਉਹਨੂੰ ਛੱਡ ਦੇਣਗੇ। ਇਨ੍ਹਾਂ ਗੱਲਾਂ ਦਾ ਨਾਕਾਰਤਮਕ ਅਸਰ ਪੈਂਦਾ ਹੈ। ਇਸ ਕਰਕੇ ਕਈ ਵਾਰ ਮਰੀਜ਼ ਆਪਣੀ ਬੀਮਾਰੀ ਨੂੰ ਲਕਾਉਣ ਦੀ ਕੋਸ਼ਿਸ਼ ਕਰਦਾ ਹੈ। ਮਰੀਜ਼ ਨੂੰ ਘਰੇ ਰਹਿਣ ’ਚ ਭਲਾਈ ਲੱਗਦੀ ਹੈ ਪਰ ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੇ ਲੋਕ ਹੱਥੀਂ ਕੰਮ ਕਰਨ ਵਾਲੇ ਮਿਹਨਤੀ ਲੋਕ ਹਨ। ਇਸ ਕਰਕੇ ਵਾਇਰਸ ਪ੍ਰਭਾਵਿਤ ਲੋਕਾਂ ਦੀ ਮੌਤ ਦਰ ਵੀ ਘੱਟ ਹੈ। ਲੋੜ ਡਰਨ ਦੀ ਨਹੀਂ ਬਲਕਿ ਵਾਇਰਸ ਦੇ ਸੁਭਾਅ ਨੂੰ ਸਮਝਦੇ ਹੋਏ ਇਸ ਤੋਂ ਬਚਾਅ ਦੀ ਹੈ।। ਜੇਕਰ ਕਿਸੇ ਨੂੰ ਕੋਰੋਨਾ ਹੋ ਵੀ ਜਾਂਦਾ ਹੈ ਤਾਂ ਇਸਦਾ ਮੁਕਾਬਲਾ ਕਰਨ ਦੀ ਇੱਛਾ ਸ਼ਕਤੀ ਰੱਖਣੀ ਚਾਹੀਦੀ ਹੈ। ਹੌਂਸਲੇ ਨਾਲ ਹਰ ਮੈਦਾਨ ਫਤਿਹ ਹੋ ਸਕਦਾ ਹੈ।

ਪਰਵਾਸੀਆਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ
ਪਿਛਲੇ ਦਿਨੀਂ ਪਰਵਾਸੀ ਮਜ਼ਦੂਰ ਪੰਜਾਬ ਆਏ ਹਨ। ਉਨ੍ਹਾਂ ’ਚੋਂ ਕੁਝ ਪਾਜ਼ੀਟਿਵ ਵੀ ਨਿਕਲੇ। ਹੁਣ ਇਸੇ ਤਰ੍ਹਾਂ ਵਿਦੇਸ਼ਾਂ ’ਚ ਫ਼ਸੇ ਲੋਕ ਵੀ ਆਪਣੇ ਦੇਸ਼ ਆਉਣਗੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਇਨ੍ਹਾਂ ਪਰਵਾਸੀਆਂ ਨੂੰ ਏਕਾਂਤਵਾਸ ਰੱਖਣਾ ਹੈ ਜਾਂ ਟੈਸਟ ਕਰਨੇ ਹਨ ਤਾਂ ਅਗਾਊਂ ਹੀ ਯੋਗ ਪ੍ਰਬੰਧ ਕੀਤੇ ਜਾਣ। ਪਰਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ। ਕਈ ਵਾਰ ਸਾਨੂੰ ਸਰਕਾਰੀ ਪ੍ਰਬੰਧ ਅਧੀਨ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਅਸੀਂ ਘਰਾਂ ’ਚ ਮਾਣਦੇ ਹਾਂ ਪਰ ਇਸ ਮਹਾਮਾਰੀ ਦੇ ਸਮੇਂ ਆਪਣੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਕੁਝ ਸਮਝੌਤੇ ਕਰ ਲੈਣੇ ਚਾਹੀਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਘਰ ਤੋਂ ਬਾਹਰ ਇਕਾਂਤਵਾਸ ਰੱਖਣਾ ਹੈ, ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਜ਼ਰੂਰ ਪੂਰੀਆਂ ਹੋਣ। ਉਨ੍ਹਾਂ ਨੂੰ ਖਾਣ ਲਈ ਵਧੀਆ ਭੋਜਨ ਮਿਲਣਾ ਚਾਹੀਦਾ ਹੈ। ਰਹਿਣ ਲਈ ਸਾਫ਼-ਸੁਥਰਾ ਥਾਂ ਹੋਣਾ ਚਾਹੀਦਾ। ਇਕਾਂਤਵਾਸ ’ਚ ਪਰਮਾਤਮਾ ਨੂੰ ਜਪਣ ਵਾਲਾ ਤਾਂ ਆਸਾਨੀ ਨਾਲ ਵਾਹਿਗੁਰੂ ਨੂੰ ਧਿਆਉਂਦਿਆਂ ਸਮਾਂ ਬਿਤਾ ਸਕਦਾ ਪਰ ਦੂਜੇ ਬੰਦੇ ਦਾ ਔਖਾ ਹੋ ਜਾਂਦਾ। ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਦਾ ਕੋਈ ਮਾਧਿਅਮ ਹੋਣਾ ਚਾਹੀਦਾ ਤਾਂ ਜੋ ਉਹ ਲੋਕ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ। ਉਨ੍ਹਾਂ ਨੂੰ ਇਉਂ ਨਾ ਲੱਗੇ ਕਿ ਉਹ ਸਮਾਜ ਨਾਲੋਂ ਟੁੱਟ ਚੁੱਕੇ ਹਨ ਅਤੇ ਸਮਾਜ ਦੇ ਦੋਖੀ ਹਨ।

ਕਿਸੇ ਵੀ ਧਰਮ ਦੇ ਲੋਕਾਂ ਨੂੰ ਬੀਮਾਰੀ ਨਾਲ ਜੋੜਨਾ ਠੀਕ ਨਹੀਂ
ਚੀਨ ਤੋਂ ਫ਼ੈਲੇ ਇਸ ਵਾਇਰਸ ਦੀ ਸ਼ਾਇਦ ਕਿਸੇ ਨੇ ਉਮੀਦ ਵੀ ਨਾ ਕੀਤੀ ਹੋਵੇ ਕਿ ਐਨੇ ਵੱਡੇ ਪੱਧਰ ’ਤੇ ਦੁਨੀਆ ਨੂੰ ਪ੍ਰਭਾਵਿਤ ਕਰੇਗਾ। ਜਦੋਂ ਸਾਡੇ ਦੇਸ ਨੂੰ ਵੀ ਲਾਕਡਾਊਨ ਕੀਤਾ ਗਿਆ ਸੀ ਤਾਂ ਲਗਦਾ ਸੀ ਸ਼ਾਇਦ ਕੁਝ ਦਿਨਾਂ ’ਚ ਸਭ ਠੀਕ ਹੋ ਜਾਵੇਗਾ। ਉਸ ਸਮੇਂ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਗਏ ਹੋਏ ਸਨ। ਇਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਬਹੁਤ ਸੰਗਤਾਂ ਗਈਆਂ ਸਨ। ਸਰਕਾਰ ਨੇ ਬਿਨ੍ਹਾਂ ਕਿਸੇ ਨੂੰ ਘਰ ਵਾਪਿਸ ਜਾਣ ਦਾ ਮੌਕਾ ਦਿੱਤਿਆਂ ਲਾਕਡਾਊਨ ਕਰ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਪੂਰੇ ਪ੍ਰਬੰਧ ਨਾਲ ਲੋਕਾਂ ਨੂੰ ਘਰੋ ਘਰੀਂ ਪਹੁੰਚਾਇਆ ਜਾਂਦਾ। ਜੇਕਰ ਉਸ ਵੇਲੇ ਉਨ੍ਹਾਂ ਸੰਗਤਾਂ ਨੂੰ ਉਥੋਂ ਕੱਢ ਲਿਆ ਜਾਂਦਾ ਤਾਂ ਹੋ ਸਕਦਾ ਕਿ ਕੋਈ ਵੀ ਵਿਅਕਤੀ ਪਾਜ਼ੇਟਿਵ ਨਾ ਆਉਂਦਾ ਪਰ ਹੁਣ ਉਨ੍ਹਾਂ ਦਾ ਕੋਈ ਕਸੂਰ ਨਹੀਂ। ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਉਹ ਇਕ ਮਹੀਨੇ ਤੋਂ ਵੱਧ ਉਥੇ ਰਹੇ। ਜੇਕਰ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ ਆ ਰਹੇ ਹਨ ਤਾਂ ਇਸ ਨੂੰ ਧਰਮ ਨਾਲ ਜੋੜ ਕੇ ਦੇਖਣਾ ਸਰਾਸਰ ਗਲਤ ਹੈ। ਇਸ ਮੁਸ਼ਕਲ ਘੜੀ ’ਚ ਰਾਜਨੀਤੀ ਕਰਨ ਨਾਲੋਂ ਵਾਇਰਸ ਪ੍ਰਭਾਵਿਤ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਬੰਬਾਂ ਦੀ ਭਰਮਾਰ ਕੋਰੋਨਾ ਨੂੰ ਰੋਕਣ ’ਚ ਅਸਫ਼ਲ
ਵਿਸ਼ਵ ਪੱਧਰ ’ਤੇ ਲੋਕਾਂ ਨੂੰ ਬਚਾਉਣ ਵਾਲੇ ਉਪਕਰਨਾਂ ਨਾਲੋਂ ਮਾਰਨ ਵਾਲੇ ਹਥਿਆਰ ਵੱਧ ਬਣਾਏ ਗਏ ਹਨ। ਵੱਡੀਆਂ ਮਿਜ਼ਾਇਲਾਂ ਤੇ ਬੰਬਾਂ ਦੀ ਦੌੜ ’ਚ ਹਰ ਦੇਸ਼ ਤਰੱਕੀ ਕਰ ਰਿਹਾ ਹੈ ਪਰ ਕਿਸੇ ਵੀ ਵਿਸ਼ਵ ਸ਼ਕਤੀ ਨੇ ਇਕ ਸਾਧਨ ਇਹੋ ਜਿਹਾ ਨਹੀਂ ਬਣਾਇਆ, ਜੋ ਸਾਨੂੰ ਕੋਰੋਨਾ ਜਿਹੀਆਂ ਭਿਆਨਕ ਮਹਾਮਾਰੀਆਂ ਤੋਂ ਬਚਾ ਸਕੇ। ਆਪਣੇ ਆਪ ਨੂੰ ਸਮਰੱਥ ਸਮਝਣ ਵਾਲੇ ਦੇਸ਼ ਵੀ ਲੋਕਾਂ ਨੂੰ ਮੌਤ ਦੇ ਮੂੰਹ ’ਚ ਜਾਣੋਂ ਬਚਾ ਨਹੀਂ ਸਕੇ। ਉਨ੍ਹਾਂ ਦਾ ਵਿਕਾਸ ਵੀ ਲੋਕਾਂ ਨੂੰ ਵਿਨਾਸ਼ ਵੱਲ ਲਿਜਾ ਰਿਹਾ ਹੈ। ਅਸਲ ’ਚ ਉਨ੍ਹਾਂ ਦਾ ਨਿਸ਼ਾਨਾ ਹੀ ਦੂਜਿਆਂ ਦਾ ਵਿਨਾਸ਼ ਸੀ ਪਰ ਕੁਦਰਤ ਨੂੰ ਚੁਣੌਤੀ ਦੇਣ ਵਾਲਿਆਂ ਦੀ ਸਾਰੀ ਸ਼ਕਤੀ ਕੋਰੋਨਾ ਅੱਗੇ ਫ਼ੇਲ ਹੋ ਗਈ। ਵਿਸ਼ਵ ਵਾਤਾਵਰਣ ਸੰਧੀ ਤੋਂ ਭੱਜਣ ਵਾਲੇ ਦੇਸ਼ ਵੀ ਲਾਚਾਰ ਬੈਠੇ ਹਨ। ਹੁਣ ਇਨ੍ਹਾਂ ਦੇਸ਼ਾਂ ਨੂੰ ਸੋਚਣ ਦੀ ਲੋੜ ਹੈ ਕਿ ਅੱਗੇ ਤੋਂ ਐਟਮ ਬੰਬ ਜ਼ਰੂਰੀ ਹਨ ਜਾਂ ਮਨੁੱਖਤਾ ਨੂੰ ਬਚਾਉਣ ਲਈ ਯਤਨ ਕਰਨੇ ਹਨ।

ਵਾਤਾਵਰਣ, ਸਿਹਤ ਤੇ ਸਿੱਖਿਆ ਸਰਕਾਰਾਂ ਦੇ ਏਜੰਡੇ ’ਚ ਨਹੀਂ 
ਸਰਕਾਰ ਨੇ ਅਲਕੋਹਲ ਦੀ ਵਰਤੋਂ ਲਈ ਠੇਕੇ ਖੋਲ੍ਹਣ ਦੀ ਮੰਨਜ਼ੂਰੀ ਦੇ ਦਿੱਤੀ ਹੈ ਪਰ ਬੰਦ ਪਏ ਸਕੂਲਾਂ-ਕਾਲਜਾਂ ਕਰਕੇ ਜੋ ਨੁਕਸਾਨ ਪੜ੍ਹਾਈ ਦਾ ਹੋ ਰਿਹਾ ਹੈ, ਉਸ ਸੰਬੰਧੀ ਕੋਈ ਢੁੱਕਵਾਂ ਪ੍ਰਬੰਧ ਨਜ਼ਰ ਨਹੀਂ ਆ ਰਿਹਾ। ਲਾਕਡਾਊਨ ਕਰਕੇ ਵਾਤਾਵਰਣ ’ਚ ਸੁਧਾਰ ਆਇਆ ਹੈ। ਸਤਲੁਜ ਦਰਿਆ ਦਾ ਪਾਣੀ, ਜਿਸ ਵਿਚ ਲੁਧਿਆਣੇ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪੈਂਦਾ ਸੀ। ਹੁਣ ਫੈਕਟਰੀਆਂ ਬੰਦ ਹੋਣ ਕਰਕੇ ਸਾਫ਼ ਹੋ ਰਿਹਾ ਹੈ। ਕੋਰੋਨਾ ਕਰਕੇ ਪੰਜਾਬ ’ਚ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ ਪਰ ਦੂਜੇ ਪਾਸੇ ਹਵਾ ਸਾਫ਼ ਹੋਣ ਕਾਰਨ ਬਹੁਤ ਸਾਰੇ ਰੋਗੀ ਵੀ ਬੀਮਾਰੀਆਂ ਤੋਂ ਨਿਜ਼ਾਤ ਪਾ ਰਹੈ ਹਨ। ਇਸ ਸੰਵੇਦਨਸ਼ੀਲ ਸਮੇਂ ’ਚ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਕੁਝ ਸਖਤ ਫ਼ੈਸਲੇ ਕਰਨ ਦੀ ਜ਼ਰੂਰਤ ਹੈ ਪਰ ਸਚਾਈ ਇਹ ਹੈ ਕਿ ਕਾਨੂੰਨ ਹੋਣ ਦੇ ਬਾਵਜੂਦ ਵੀ ਸਰਕਾਰਾਂ ਦਾ ਰਵੱਈਆ ਬਦਲਣ ਵਾਲਾ ਨਹੀਂ ਜਾਪਦਾ। ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਅਤੇ ਰਣਨੀਤੀ ਨਹੀਂ ਹੈ ਕਿ ਜੋ ਵਾਤਾਵਰਣ ਕੁਦਰਤ ਨੇ ਖ਼ੁਦ ਸਾਫ਼ ਕਰ ਲਿਆ ਹੈ, ਇਸਨੂੰ ਅੱਗੇ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜੇ ਸਿੱਖਿਆ ਨਾਲੋਂ ਸ਼ਰਾਬ ਜ਼ਰੂਰੀ ਹੈ ਤਾਂ ਫ਼ਿਰ ਇੰਡਸਟਰੀ ਚੱਲਣ ਨਾਲ ਪਹਿਲਾਂ ਨਾਲੋਂ ਵੱਧ ਪ੍ਰਦੂਸ਼ਣ ਹੋ ਸਕਦਾ ਹੈ। ਸਰਕਾਰਾਂ ਨੂੰ ਸਭ ਪਤਾ ਕਿ ਕਿੱਥੇ ਕੀ ਹੋ ਰਿਹਾ ਪਰ ਉਨ੍ਹਾਂ ਦੀ ਨੀਤ ਨਹੀਂ ਕਿ ਇਹ ਸ਼ੁੱਧ ਵਾਤਾਵਰਣ ਇਸੇ ਤਰ੍ਹਾਂ ਰਹੇ। ਇਕ ਵਾਰ ਤਾਂ ਕੁਦਰਤ ਨੇ ਸਭ ਸਾਫ਼ ਕਰਕੇ ਦਿਖਾ ਦਿੱਤਾ ਹੈ। ਆਸ ਕਰਦੇ ਹਾਂ ਕਿ ਸਰਕਾਰ ਇਸ ਬਾਰੇ ਕੁਝ ਕਰੇ ਪਰ ਵਾਇਰਸ ਵੇਲੇ ਵੀ “ਬਲੇਮ ਗੇਮ” ਚਲ ਰਹੀ ਹੈ। ਨਾ ਕਿਸੇ ਨੂੰ ਜੀਵਨ ਦੇਣਾ ਜ਼ਰੂਰੀ ਸੇਵਾਵਾਂ ’ਚ ਹੈ ਅਤੇ ਨਾ ਸਿੱਖਿਆ। ਸ਼ਰਾਬ ਦੀ ਘਰ ਪਹੁੰਚ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਸਵਾਲ ਸੁਭਾਵਿਕ ਹੀ ਉੱਠਦਾ ਹੈ ਕਿ ਫਿਰ ਭੁੱਕੀ ’ਤੇ ਸਰਕਾਰ ਕਿਹੜੇ ਤਰਕ ਨਾਲ ਪਾਬੰਦੀ  ਲਗਾ ਰਹੀ ਹੈ। ਰੈਵੀਨਿਊ ਤਾਂ ਭੁੱਕੀ ਦੇ ਠੇਕੇ ਖੋਲ੍ਹ ਕੇ ਵੀ ਇਕੱਠਾ ਕੀਤਾ ਜਾ ਸਕਦਾ ਹੈ। ਨਾਲੇ ਭੁੱਕੀ ਖਾ ਕੇ ਨਾ ਤਾਂ ਕੋਈ ਮਰਦਾ ਸੁਣਿਆ ਤੇ ਨਾ ਲੜਦਾ ਪਰ ਸ਼ਰਾਬ ਦੇ ਨਸ਼ੇ ’ਚ ਲੜਾਈ ਝਗੜੇ ਅਤੇ ਕਤਲ ਤੱਕ ਹੋ ਜਾਂਦੇ ਹਨ। ਐਕਸੀਡੈਂਟ ਦਾ ਵੱਡਾ ਕਾਰਨ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈ। ਪੈਸੇ ਲਈ ਸ਼ਰਾਬ ਦੇ ਠੇਕੇ ਖੋਲ੍ਹਣੇ ਸਰਕਾਰ ਦੇ ਵਿਜ਼ਨ ਅਤੇ ਸਿਧਾਂਤ ’ਤੇ ਵੀ ਸਵਾਲ ਖੜੇ ਕਰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਲੋਕਾਂ ਦੀ ਸਿਹਤ, ਸਿੱਖਿਆ ਅਤੇ ਵਾਤਾਵਰਣ ਨੂੰ ਸੁਧਾਰਨ ਬਾਰੇ ਸੋਚਿਆ ਜਾਵੇ। ਮੁੱਕਦੀ ਗੱਲ ਇਹ ਹੈ ਕਿ ਕਿਸੇ ਚਮਤਕਾਰ ਦੀ ਆਸ ਕਰਨ ਦੀ ਬਜਾਏ ਸਾਨੂੰ ਖ਼ੁਦ ਤੇ ਭਰੋਸਾ ਕਰਨ ਦੀ ਲੋੜ ਹੈ ।

Post a Comment

Previous Post Next Post