ਵੇਈਂ ਨਦੀ ਦਾ ਕਲਾਮ ਨੂੰ ਆਖਰੀ ਸਲਾਮ..!ਬਾਬੇ ਨਾਨਕ ਦੀ ਨਦੀਂ ਦੀਆਂ ਬਾਤਾਂ ਦੇਸ਼ਾਂ-ਵਿਦੇਸ਼ਾਂ ਵਿੱਚ ਪਾਉਣ ਵਾਲਾ ਸ਼ਾਹ ਸਵਾਰ ਡਾ: ਏ.ਪੀ.ਜੇ ਅਬਦੁਲ ਕਲਾਮ  ਸਦਾ ਲਈ ਤੁਰ ਗਿਆ। ਸਾਗਰ ਦੀਆਂ ਲਹਿਰਾਂ ਨੂੰ ਦੇਖ–ਦੇਖ ਕੇ ਅਕਲ ਦੀਆਂ ਪੌੜੀਆਂ ਨਾਲ ਆਸਮਾਨੀ ਧਮਕ ਪਾਉਣ ਵਾਲਾ ਡਾ: ਕਲਾਮ ਸੁਨਹਿਰੀ ਰੇਤ ਵਿੱਚ ਸਦਾ ਲਈ ਸੌਂ ਗਿਆ ਹੈ  ਜਿੱਥੇ ਉਸ ਦੇ ਕਦੇਂ ਨੰਨ੍ਹੇ-ਨੰਨ੍ਹੇ ਪੈਰਾਂ ਨੇ ਪੈੜਾਂ ਪਾਈਆਂ ਸਨ। ਅੱਜ ਸਾਰਾ ਦੇਸ਼ ਉਨ੍ਹਾਂ ਵੱਲੋਂ ਪਾਈਆਂ ਇਤਿਹਾਸਕ ਪੈੜ੍ਹਾਂ ਤੇ ਰਸ਼ਕ ਕਰਦਾ ਨਹੀਂ ਥੱਕਦਾ।ਘਰ-ਘਰ ਅਖਬਾਰਾਂ ਵੰਡਣ ਵਾਲਾ ਬਾਲਕ ਕਲਾਮ ਸਦੀਵੀ ਵਿਛੋੜਾ ਦੇ ਕੇ ਵਿਸ਼ਵ ਭਰ ਦੀਆਂ ਅਖਬਾਰਾਂ ਵਿੱਚ  ਸੁਰਖੀਆਂ ਬਣ ਗਿਆ। ਸਾਰੀ ਦੁਨੀਆਂ ਨੇ ਡਾ. ਕਲਾਮ ਦੇ ਤੁਰ ਜਾਣ ‘ਤੇ ਆਪਣੀਆਂ ਅੱਖਾਂ ਨਮ ਕਰਕੇ ਉਨ੍ਹਾਂ ਨੂੰ ਸੱਚੀ ਸਰਧਾਂਜ਼ਲੀ ਦਿੱਤੀ। ਡਾ: ਕਲਾਮ ਨੂੰ ਕੋਈ ਮਿਜ਼ਾਈਲਮੈਨ ਕਹਿੰਦਾ ਹੈ। ਕੋਈ ਉਨ੍ਹਾਂ ਨੂੰ ਮਹਾਨ ਵਿਗਿਆਨੀ ਕਹਿੰਦਾ ਹੈ। ਕੋਈ ਉਨ੍ਹਾਂ ਨੂੰ ਲੋਕਾਂ ਦਾ ਰਾਸ਼ਟਰਪਤੀ ਕਹਿੰਦਾ ਹੈ। ਕੋਈ ਉਨ੍ਹਾਂ ਨੂੰ ਮਹਾਨ ਚਿੰਤਕ ਕਹਿੰਦਾ ਹੈ। ਇੰਨ੍ਹੇ ਜ਼ਿਆਦਾ ਵਿਸ਼ਲੇਸ਼ਣ ਨਾਲ ਨਿਵਾਜੇ ਜਾਂਦੇ ਤੇ ਗੁਣਾਂ ਨਾਲ ਭਰਪੂਰ ਡਾ. ਕਲਾਮ ਨੂੰ ਜਦੋਂ ਇੱਕ ਅਖਬਾਰ ਦੇ ਸੰਪਾਦਕ ਨੇ ਪੁੱਛਿਆ ਸੀ ਕਿ ਰਾਸ਼ਟਰਪਤੀ ਹੁੰਦਿਆਂ ਤੁਹਾਨੂੰ ਦੇਸ਼ ਦੀ ਕਿਸ ਸਖ਼ਸ਼ੀਅਤ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਤਾਂ  ਇਸ ਸਵਾਲ ਦਾ ਜਵਾਬ ਦਿੰਦਿਆ ਭਾਰਤ ਰਤਨ ਡਾ. ਕਲਾਮ ਨੇ ਬੜੇ ਹੀ ਅਦਬ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਨਾਂਅ ਲਿਆ ਸੀ। ਡਾ. ਕਲਾਮ ਨੇ ਰਾਜਸਥਾਨ ਦੀ ਇੱਕ ਹਿੰਦੀ ਅਖਬਾਰ ਦੇ ਸੰਪਾਦਕ ਨਾਲ ਗੱਲਬਾਤ ਕਰਦਿਆਂ ਇਸ ਦਾ ਖੁਲਾਸਾ ਕੀਤਾ ਸੀ। ਅਸਲ ਵਿੱਚ ਉਨ੍ਹਾਂ ਨੇ ਇਹ ਖੁਲਾਸਾ ਕਰਕੇ ਪੰਜਾਬ ਤੇ ਪੰਜਾਬੀਆਂ ਦੀ ਅਣਥੱਕ ਹਿੰੰਮਤ ਅਤੇ ਮਿਹਨਤ ਨੂੰ ਸਿਜਦਾ ਕੀਤਾ ਸੀ ਜੋ ਉਨ੍ਹਾਂ ਨੂੰ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੌਰਾਨ ਨਜ਼ਰ ਆਈ ਸੀ।
ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਨੇ ਸਿੱਖ ਧਰਮ ਨੂੰ ਅਜਿਹਾ  ਫਲਸਫਾ ਦਿੱਤਾ ਹੈ ਜੋ ਪੂਰੀ ਦੁਨੀਆਂ ਨੂੰ ਕਲਾਵੇਂ ਵਿੱਚ ਲੈਣ ਦੇ ਸਮਰੱਥ  ਹੈ। 550 ਸਾਲ ਪਹਿਲਾਂ ਏਸੇ ਵੇਈਂ ਨੇ  ਬਾਬੇ ਨਾਨਕ ਦੀ ਬਾਣੀ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਰਾਹੀਂ ਜੋ ਵਾਤਾਵਰਣ ਬਾਰੇ ਸੁਨੇਹਾ ਕੁਲ ਦੁਨੀਆਂ ਨੂੰ ਦਿੱਤਾ ਸੀ ਉਹ ਅੱਜ ਵੀ ਉਨ੍ਹਾ ਹੀ ਸਾਰਥਿਕ ਹੈ।
ਅਸੀਂ ਗੁਰਬਾਣੀ ਦੇ ਇਸ ਸੁਨੇਹੇ ਨੂੰ ਮਨਾਂ ਵਿੱਚੋਂ ਵਿਸਾਰ ਦਿੱਤਾ ਹੈ। ਇਸੇ ਲਈ ਪਾਣੀ ਦੇ ਕੁਰਦਤੀ ਸੋਮਿਆਂ ਤੋਂ ਵੀ ਮੂੰਹ ਮੋੜ ਲਿਆ। ਜਦੋਂ ਬਾਣੀ ਦੇ ਇਸ ਫਲਸਫ਼ੇ ਦੀ ਅਣਦੇਖੀ  ਕਰ ਦਿੱਤੀ ਗਈ ਤਾਂ ਵੇਈਂ ਦੀ ਅਣਦੇਖੀ ਹੋਣੀ ਤਾਂ ਫਿਰ  ਸੁਭਾਵਿਕ ਹੀ ਸੀ।ਸਿੱਖੀ ਦੀ ਇਹ ਧ੍ਰੋਹਰ ਪਵਿੱਤਰ ਕਾਲੀ ਵੇਈਂ ਜਦੋਂ ਆਪਣੇ ਅੰਤਲੇ ਸਾਹਾਂ ‘ਤੇ ਆ ਗਈ ਸੀ ਤਾਂ ਇਸੇ ਹੀ ਸਲੋਕ ਤੋਂ ਸੇਧ ਲੈਂਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੰਗਤਾਂ ਨੂੰ ਨਾਲ ਲੈਕੇ ਇਸ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਸੀ। ਕਾਰ ਸੇਵਾ ਨੂੰ ਚੱਲਦਿਆਂ ਚਾਰ ਸਾਲ ਬੀਤ ਗਏ ਸਨ ਤਾਂ 'ਦਾ ਹਿੰਦੂ' ਅਖਬਾਰ ਵਿੱਚ ਪੀ.ਟੀ.ਆਈ ਦੀ ਲੱਗੀ ਖਬਰ ਪੜ੍ਹਕੇ ਉਸ ਵੇਲੇ ਦੇ ਰਾਸ਼ਟਰਪਤੀ ਰਹੇ ਡਾ: ਏ.ਪੀ.ਜੇ ਅਬਦੁਲ ਕਲਾਮ ਨੇ ਇਸ ਖਬਰ ਰਾਹੀਂ ਹੋ ਰਹੇ  ਇਸ ਅਦਭੁੱਤ ਕੰਮ ਦੇ ਆਰ-ਪਾਰ ਦੇਖਿਆ ਸੀ ਕਿ ਇਹੀ ਇੱਕ ਰਾਹ ਹੈ ਜੋ ਭਾਰਤ ਨੂੰ ਪ੍ਰਦੂਸ਼ਣ ਤੋਂ ਮੁਕਤੀ ਦੁਆ ਸਕਦਾ ਹੈ।ਡਾ: ਕਲਾਮ ਨੇ ਵੇਈਂ ਦੀ ਕਾਰ ਸੇਵਾ ਨੂੰ ਆਪਣਾ ਇੱਕ ਏਜੰਡਾ ਬਣਾ ਲਿਆ ਸੀ। ਉਹ ਜਿੱਥੇ ਵੀ ਜਾਂਦੇ ਸਨ ਇਸ ਦੀ ਚਰਚਾ ਕਰਦੇ ਸਨ। ਲਗਾਤਾਰ ਡਾ. ਕਲਾਮ ਜੀ ਇਸ ਦੀ ਚਰਚਾ ਕਰਦੇ ਰਹੇ ਤਾਂ ਬਾਬੇ ਨਾਨਕ ਦੀ ਵੇਈਂ ਵੱਲ ਦੇਸ਼ ਦਾ ਧਿਆਨ ਜਾਣ ਲੱਗਾ। ਡਾ. ਕਲਾਮ ਜੀ ਨੇ ਵੇਈਂ ਦੀ ਚਰਚਾ ਵਾਰ-ਵਾਰ ਕਰਕੇ ਦੇਸ਼ ਦੇ ਲੋਕਾਂ ਨੂੰ ਹੱਥੀਂ ਕੰਮ ਕਰਨ ਲਈ ਵੀ ਪ੍ਰੇਰਿਆ ਤੇ ਨਾਲ ਹੀ ਕੁਦਰਤੀ ਸੋਮਿਆਂ ਬਾਰੇ ਸਾਡੀ ਬਦਲਦੀ ਜਾ ਰਹੀ ਮਾਨਸਿਕਤਾ ਵੱਲ ਵੀ ਇਸ਼ਾਰਾ ਕੀਤਾ ਸੀ। ਪਾਣੀ ਦੇ ਆਪਣੇ ਸੋਮਿਆਂ ਨੂੰ ਕਿਵੇਂ ਸਾਫ ਸੁਥਰਾ ਰੱਖਣਾ ਹੈ ਉਸ ਬਾਰੇ ਵੀ ਉਹ ਕਹਿੰਦੇ ਸਨ ਕਿ ਜੋ ਕੰਮ ਸੰਤ ਸੀਚੇਵਾਲ ਜੀ ਕਰ ਰਹੇ ਹਨ ਉਸ ਤੋਂ ਸਿੱਖਿਆ ਲਵੋ। ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਵਫਦਾਂ ਨੂੰ ਵੀ ਕਹਿੰਦੇ ਸਨ ਕਿ ਉਹ ਇੱਕ ਵਾਰ ਸੁਲਤਾਨਪੁਰ ਲੋਧੀ ਜਰੂਰ ਜਾ ਕੇ ਆਉਣ। ਦੇਸ਼ ਦਾ ਜੇ ਕੋਈ ਵਿਦਿਆਰਥੀ ਉਨ੍ਹਾਂ ਇਹ ਪੁੱਛਦਾ ਸੀ ਕਿ ਗੰਦੇ ਪਾਣੀਆਂ ਦਾ ਕੀ ਹੱਲ ਹੈ ? ਤਾਂ ਉਨ੍ਹਾਂ ਦਾ ਜਵਾਬ ਇਹੀ ਹੁੰਦਾ ਸੀ ਕਿ ਪੰਜਾਬ ਦੀ ਧਰਤੀ ‘ਤੇ ਸੰਤ ਸੀਚੇਵਾਲ ਜੀ ਵੱਲੋਂ ਨਦੀਂ ਦੀ ਹੱਥੀਂ ਸਫਾਈ ਕਰਨ ਦਾ ਅਪਣਾਇਆ ਜਾ ਰਿਹਾ ਢੰਗ ਹੀ ਗੰਦੇ ਪਾਣੀਆਂ ਦਾ ਹੱਲ ਹੈ। ਬਾਬੇ ਨਾਨਕ ਦੀ ਵੇਈਂ ਦੀ ਕਾਰ ਸੇਵਾ ਨੂੰ ਉਨ੍ਹਾਂ ਨੇ ਪਹਿਲੀਵਾਰ ਆਲ ਇੰਡੀਆ ਰੇਡੀਓ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਇਸ ਨੂੰ ਭਾਰਤ ਦੀਆਂ 9 ਪ੍ਰਾਪਤੀਆਂ ਵਜੋਂ ਦੱਸਿਆ ਸੀ। ਫਿਰ ਉਨ੍ਹਾਂ ਨੇ ਵੇਈਂ ਦੀ ਕਾਰ ਸੇਵਾ ਨੂੰ ਦੇਸ਼ ਦੀਆਂ ਪਹਿਲੀਆਂ ਤਿੰਨ ਪ੍ਰਾਪਤੀਆਂ ਵਿੱਚ ਗਿਣਿਆ ਸੀ ਤੇ ਸਾਲ 2007 ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਕੀਤੇ ਜਾਂਦੇ ਰਿਵਾਇਤੀ ਭਾਸ਼ਣ ਤੋਂ ਹੱਟ ਕੇ ਉਨ੍ਹਾ ਨੇ ਆਪਣਾ ਸੁਨੇਹਾ ਵੇਈਂ ਨਦੀਂ ਤੋਂ ਸ਼ੁਰੂ ਕੀਤਾ ਸੀ।ਯੂਨਾਨ ਫੇਰੀ ਸਮੇਂ ਉਨ੍ਹਾਂ ਵੇਈਂ ਨਦੀ ਦਾ ਜ਼ਿਕਰ ਕਰਕੇ ਇੱਕ ਇਤਿਹਾਸ ਸਿਰਜਿਆ  ਸੀ। ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ ਜਿੰਨ੍ਹਾਂ ਨੇ ਬਾਬੇ ਨਾਨਕ ਦੀ ਵੇਈਂ ਦਾ ਜ਼ਿਕਰ ਕਿਸੇ ਕੌਮਾਂਤਰੀ ਮੰਚ ਤੋਂ ਕੀਤਾ ਸੀ। ਸੁਲਤਾਨਪੁਰ ਲੋਧੀ ਦੋ ਵਾਰ ਆਉਣਾ ਵੀ ਉਨ੍ਹਾ ਦੀ ਵੇਈਂ ਪ੍ਰਤੀ ਖਿੱਚ  ਦਾ ਪ੍ਰਤੀਕ ਸੀ।ਉਹ ਜਿੱਥੇ ਇੱਕ ਮਹਾਨ ਵਿਗਿਆਨੀ ਸਨ ਉਥੇ ਹੀ ਉਹ ਇੱਕ ਮਹਾਨ ਚਿੰਤਕ ਵੀ ਸਨ। ਉਹ ਚਾਹੁੰਦੇ ਸਨ ਕਿ ਦੇਸ਼ ਦੇ ਸਾਰੇ ਦਰਿਆ ਪ੍ਰਦੂਸ਼ਣ ਮੁਕਤ ਹੋਣ ਤੇ ਇਸ ਦਾ ਰਸਤਾ ਉਨ੍ਹਾਂ ਨੂੰ ਬਾਬੇ ਨਾਨਕ ਦੀ ਵੇਈਂ ਵਿੱਚੋਂ ਹੀ ਨਜ਼ਰ ਆਇਆ ਸੀ।
ਡਾ: ਕਾਲਮ ਬੱਚਿਆਂ ਨਾਲ ਦਿਲ ਦੀਆਂ ਗੱਲਾਂ ਕਰਦੇ ਸਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ ਤੇ ਖੁਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਣ ਲਈ ਵੀ ਕਹਿੰਦੇ ਸਨ। ਅਧਿਆਪਕਾਂ ਨੂੰ ਜਿੰਮੇਵਾਰ ਬਣਕੇ ਆਪਣਾ ਜੀਵਨ ਦੇਸ਼ ਤੇ ਸਮਾਜ ਦੇ ਲੇਖੇ ਲਗਾਉਣ ਦੀ ਪ੍ਰੇਰਨਾ ਦਿੰਦੇ ਸਨ। ਇਹ ਸਾਰੇ ਗੁਣ ਹੀ ਉਨ੍ਹਾ ਦੇ ਵਿਅਕਤੀਤਵ ਦੀ ਵੱਖਰੀ ਪਛਾਣ ਬਣਾਉਂਦੇ ਸਨ। ਉਹਨਾਂ ਦੇ ਵਿਚਾਰ ਵੇਈਂ ਦੀ ਕਾਰ ਸੇਵਾ ਲਈ ਹਮੇਸ਼ਾ ਹੀ ਮਾਰਗ ਦਰਸ਼ਕ ਬਣੇ ਰਹਿਣਗੇ। ਬਾਬੇ ਨਾਨਕ ਦੀ ਵੇਈਂ ਨੂੰ ਵਿਸ਼ਵ ਦੇ ਮੰਚਾਂ ਤੱਕ ਪਹੁੰਚਾਉਣ ਅਤੇ ਆਪਣੇ ਆਖਰੀ ਸਾਹਾਂ ਤੱਕ  ਵੇਈਂ ਨਾਲ ਆਪਣੀ ਪ੍ਰੀਤ ਨਿਭਾਉਣ ਵਾਲੇ ਤੇ ਵੇਈਂ ਦੀ ਚਰਚਾ ਕਰਨ ਵਿੱਚ ਅਮਿੱਟ ਹਸਤਾਖਰ ਬਣੇ ਡਾ. ਕਲਾਮ ਨੂੰ ਵੇਈਂ ਨਦੀਂ ਦਾ ਆਖਰੀ ਸਲਾਮ !

Post a Comment

Previous Post Next Post