ਪ੍ਰਭੂ ਭਗਤੀ ਵਿਚ ਲੀਨ ਰਹਿੰਦਿਆ ਬੀਤਿਆ ਸੰਤ ਲਾਲ ਸਿੰਘ ਜੀ ਦਾ ਜੀਵਨ...

 


ਸਰਬ ਗੁਣ ਸਪੰਨ ਸੰਤ ਲਾਲ ਸਿੰਘ ਜੀ 

ਨਿਰਮਲ ਕੁਟੀਆ ਸੀਚੇਵਾਲ ਵਿੱਚ ਸ੍ਰੀਮਾਨ ਸੰਤ ਲਾਲ ਸਿੰਘ ਜੀ ਮਹਾਰਾਜ ਦੀ 41ਵੀਂ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਉਹਨਾਂ ਦੇ ਜੀਵਨ 'ਤੇ ਝਾਤ ਮਾਰੀਏ ਤਾਂ ਬਹੁਤ ਸਾਰੀਆਂ ਗੱਲਾਂ ਦਾ ਗਿਆਨ ਹੁੰਦਾ ਹੈ। ਸ੍ਰੀਮਾਨ ਸੰਤ ਲਾਲ ਸਿੰਘ ਜੀ ਬਹੁਤ ਹੀ ਦਿਆਲੂ, ਪਰਉਪਕਾਰੀ ,ਗੁਰਬਾਣੀ ਦੇ ਰਸੀਏ, ਬ੍ਰਹਮ ਗਿਆਨੀ, ਸਰਬਗੁਣ ਸੰਪਨ ਸਾਧੂ ਸਨ। ਆਪ ਜੀ ਨੇ ਸਾਰਾ ਜੀਵਨ ਪ੍ਰਮਾਤਮਾ ਦੀ ਭਗਤੀ ਕਰਦੇ ਹੋਏ ਬਤੀਤ ਕੀਤਾ। ਆਪ ਜੀ ਦਾ ਜਨਮ ਪਿੰਡ ਖਾਨਪੁਰ, ਤਹਿਸੀਲ: ਨਕੋਦਰ, ਜ਼ਿਲਾ: ਜਲੰਧਰ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਖੇਮ ਸਿੰਘ ਜੀ ਸੀ। ਆਪ ਜੀ ਦੇ ਛੋਟੇ ਭਰਾ ਜਵਾਲਾ ਸਿੰਘ ਜੀ ਸਨ। ਆਪ ਜੀ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਆਪ ਜੀ ਬਚਪਨ ਤੋਂ ਹੀ ਬਹੁਤ ਉੱਚੇ ਖਿਆਲਾਂ ਵਾਲੇ ਸਨ। ਪਿੰਡ ਦੇ ਨਜ਼ਦੀਕ ਪਿੰਡ ਗਿੱਲਾਂ ਵਿਖੇ ਸੰਤਾਂ ਦੀ ਕੁਟੀਆ ਵਿੱਚ ਸੇਵਾ ਕਰਨੀ ਆਪ ਜੀ ਦੀ ਜਿੰਦਗੀ ਦਾ ਅਹਿਮ ਮੰਤਵ ਸੀ। ਸੇਵਾ ਤੋਂ ਖੁਸ਼ ਹੋ ਕੇ ਸੰਤ ਭੋਲਾ ਸਿੰਘ ਜੀ ਨੇ ਆਪ ਜੀ ਨੂੰ ਸੰਤ ਪਦਵੀ ਦੀ ਬਖਸ਼ਿਸ਼ ਕੀਤੀ। ਆਪ ਜੀ ਨੇ ਅੰਗਰੇਜ਼ ਸਰਕਾਰ ਦੀ ਫੌਜ ਵਿੱਚ ਕੁਝ ਸਮਾਂ ਨੌਕਰੀ ਕੀਤੀ। ਨੌਕਰੀ ਦੌਰਾਨ ਆਪ ਜੀ ਬਹੁਤ ਨਿਪੁੰਨ ਡਰਾਵਿਰ ਸਨ ਅਤੇ ਫੌਜ ਦੀਆਂ ਖੇਡਾਂ ਵਿੱਚ ਇੱਕ ਨੰਬਰ ਦੇ ਪਹਿਲਵਾਨ ਅਤੇ ਦੌੜਾਕ ਸਨ। ਫੌਜ ਵਿੱਚ ਨੌਕਰੀ ਕਰਦਿਆਂ ਆਪ ਜੀ ਦੇ ਮਨ ਵਿੱਚ ਪ੍ਰਭੂ ਪ੍ਰਾਪਤੀ ਦਾ ਵੈਰਾਗ ਤੀਬਰ ਹੋ ਗਿਆ। ਨੌਕਰੀ ਛੱਡ ਕੇ ਪ੍ਰਮਾਤਮਾ ਦੇ ਮਿਲਣ ਲਈ ਤਪੱਸਿਆ ਕਰਨ ਹਰਿਦੁਆਰ ਚਲੇ ਗਏ। ਆਪਣੀ ਜਮੀਨ ਜਾਇਦਾਦ ਛੋਟੇ ਭਰਾ ਸ. ਜਵਾਲਾ ਸਿੰਘ ਨੂੰ ਸੌਂਪ ਦਿੱਤੀ। ਹਰਿਦੁਆਰ ਰਿਸ਼ੀ ਕੇਸ ਗੰਗਾ ਦੇ ਕਿਨਾਰੇ ਸੰਘਣੇ ਜੰਗਲ (ਝਿੜੀ) ਵਿੱਚ ਭੋਰਾ ਪੁੱਟ ਕੇ ਤਪੱਸਿਆ ਕਰਨ ਲਗੇ। ਕੰਦਮੂਲ ਨੂੰ ਅਹਾਰ ਬਣਾ ਕੇ 14 ਸਾਲ ਪ੍ਰਮਾਤਮਾ ਦੀ ਭਗਤੀ ਵਿੱਚ ਗੁਜਾਰੇ। ਪ੍ਰਭੂ ਪ੍ਰਾਪਤੀ ਤੋਂ ਬਾਅਦ ਤਕਰੀਬਨ 1932 ਵਿੱਚ ਪੰਜਾਬ ਦੀ ਧਰਤੀ ਤੇ ਆਏ। ਪੰਜਾਬ ਦੇ ਲੋਕਾਂ ਨੂੰ ਵਿੱਦਿਆ ਪ੍ਰਤੀ ਜਾਗਰੂਕ ਕਰਨ ਲਈ ਆਪ ਜੀ ਨੇ ਬਹੁਤ ਸਾਰੇ ਪਿੰਡਾਂ ਵਿੱਚ ਆਪਣਾ ਨਿਵਾਸ ਕੀਤਾ। ਉਸ ਵੇਲੇ ਪਿੰਡਾਂ ਵਿੱਚ ਪੜਾਈ ਜਾਣ ਵਾਲੀ ਵਿੱਦਿਆ ਮਦਰੱਸਿਆਂ ਵਿੱਚ ਸੀ। ਜਿੱਥੇ ਉਰਦੂ ਅਤੇ ਫਾਰਸੀ ਦਾ ਅੱਖਰ ਗਿਆਨ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਗੁਰਮੁੱਖੀ ਦੀ ਪੜਾਈ ਦਾ ਇਲਾਕੇ ਵਿੱਚ ਕੋਈ ਪ੍ਰਬੰਧ ਨਹੀਂ ਸੀ। ਜਿਸ ਕਾਰਨ ਲੋਕ ਬਾਣੀ ਤੋਂ ਅਗਿਆਤ ਸਨ। ਆਪ ਜੀ ਨੇ ਆਪਣੀਆਂ ਕੁਟੀਆ ਨੂੰ ਵਿੱਦਿਅਕ ਅਦਾਰਿਆਂ ਵਜੋਂ ਉਭਾਰਿਆ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਗੁਰਬਾਣੀ ਅਤੇ ਪੁਰਾਤਨ ਇਤਿਹਾਸਕ ਗ੍ਰੰਥ ਪੜਾਉਣ ਦਾ ਪ੍ਰਬੰਧ ਕੀਤਾ। ਬਹੁਤ ਸਾਰੇ ਲੋਕਾਂ ਨੂੰ ਗੁਰਬਾਣੀ ਪੜਨ ਦਾ ਗਿਆਨ ਦਿੱਤਾ। ਜੋ ਵੀ ਗੁਰਬਾਣੀ ਨੂੰ ਪੜ ਜਾਂਦਾ ਸੀ। ਉਸ ਦੀ ਡਿਊਟੀ ਹੋਰਨਾਂ ਨੂੰ ਪੜਾਉਣ ਵਾਸਤੇ ਲਗਾ ਦਿੰਦੇ ਸਨ। ਭਾਵੇਂ ਆਪ ਇੱਕ ਪਿੰਡ ਤੋਂ ਦੂਸਰੇ ਪਿੰਡ ਚਲੇ ਜਾਂਦੇ ਪਰ ਜਿਨਾਂ ਦੀ ਡਿਊਟੀ ਗੁਰਬਾਣੀ ਪੜਾਉਣ ਦੀ ਲਾ ਦਿੰਦੇ ਉਹ ਲਗਾਤਾਰ ਆਪ ਜੀ ਦੇ ਹੁਕਮ ਦੀ ਪਾਲਣਾ ਕਰਦੇ ਰਹੇ। ਇਸ ਤਰਾਂ ਹਰ ਪਿੰਡ ਵਿੱਚ ਵਿੱਦਿਆ ਦਾ ਪ੍ਰਬੰਧ ਆਪਣੇ ਆਪ ਚਲਣ ਲਗਾ। ਆਪ ਜੀ ਨੇ ਪਿੰਡ ਸੀਚੇਵਾਲ, ਸੋਹਲ ਖਾਲਸਾ, ਤਲਵੰਡੀ ਮਾਧੋ, ਖਾਨਪੁਰ, ਨੂਰਪੁਰ, ਅਯਾਲੀਕਲਾਂ (ਲੁਧਿਆਣਾ) ਅਤੇ   ਰਿਸ਼ੀਕੇਸ਼ ਮੰਗਲਾ ਆਸ਼ਰਮ ਨੂੰ ਆਪਣੀ ਭਗਤੀ ਦਾ ਕੇਂਦਰ ਬਣਾਈ ਰੱਖਿਆ।  ਹਰ ਸਾਲ ਚੇਤਰ ਮਹੀਨੇ ਵਿੱਚ ਅਤੇ ਕੁੰਭ ਦੇ ਮੇਲਿਆਂ ਤੇ ਪੰਜਾਬ ਤੋਂ ਪੈਦਲ ਚੱਲ ਕੇ ਹਰਿਦੁਆਰ ਜਾਂਦੇ ਰਹੇ। ਆਪ ਜੀ ਰੁਪਿਆਂ ਪੈਸਿਆਂ ਨੂੰ ਹੱਥ ਨਹੀਂ ਲਗਾਉਂਦੇ ਸਨ। ਜੇਕਰ ਕੋਈ ਪੈਸੇ ਰੱਖ ਕੇ ਮੱਥਾ ਟੇਕ ਦਿੰਦਾ ਤਾਂ ਕਹਿ ਦਿੰਦੇ ''ਭਗਤਾ ਸਾਨੂੰ ਇਸ ਦੀ ਲੋੜ ਨਹੀਂ ਹੈ। ਤੂੰ ਲੈਜਾ ਤੇਰੇ ਕੰਮ ਆਊ।'' ਮਾਇਆ ਨੂੰ ਜੇਕਰ ਹੱਥ ਲੱਗ ਜਾਵੇ ਤਾਂ ਕਈ ਦਿਨਾਂ ਦਾ ਵਰਤ ਰੱਖਦੇ ਸਨ। 

ਉਹਨਾਂ ਦੇ ਕੋਲ ਆਉਣ ਵਾਲਾ ਇਨਸਾਨ ਜੇ ਗੁਰਮਤਿ ਵਿਚਾਰਾਂ ਕਰਨ ਵਾਲਾ ਹੁੰਦਾ ਤਾਂ ਆਪ ਜੀ ਲੰਬਾ ਸਮਾਂ ਉਸ ਨੂੰ ਆਪਣੇ ਕੋਲ ਬਿਠਾਈ ਰੱਖਦੇ ਪਰ ਜੇਕਰ ਕੋਈ ਸੰਸਾਰੀ ਗੱਲਾਂ ਕਰਦਾ ਤਾਂ ਉਸਨੂੰ ਉਠਾ ਦਿੰਦੇ ਸਨ। ਆਪ ਜੀ ਪਿੰਡ ਵਿਚੋਂ ਭਿਿਛਆ ਮੰਗ ਕੇ ਭੋਜਨ ਕਰਦੇ ਸਨ। ਭਿਿਛਆ ਲੈਣ ਸਮੇਂ 'ਨਾਰਾਇਣ' ਸ਼ਬਦ ਦਾ ਉਚਾਰਣ ਕਰਦੇ ਸਨ। ਹਰ ਰੋਜ਼ ਸਿਰਫ਼ ਪੰਜ ਘਰਾਂ ਵਿੱਚੋਂ ਪ੍ਰਸ਼ਾਦੇ, ਦੁੱਧ ਅਤੇ ਮੱਖਣ ਲੈਂਦੇ ਸਨ। ਇੱਕ ਘਰ ਵਿੱਚੋਂ ਦੋ ਫੁਲਕੇ ਲੈਂਦੇ ਸਨ ਅਤੇ ਦੋ ਫੁਲਕਿਆਂ ਦੇ ਚਾਰ ਟੋਟੇ ਬਣਾ ਕੇ ਇੱਕ ਟੁੱਕੜਾ ਆਪ ਛਕਣਾ, ਦੂਸਰਾ ਬੱਚਿਆਂ ਨੂੰ ਵਰਤਾਉਣਾ, ਤੀਜਾ ਕੁੱਤਿਆਂ ਨੂੰ ਪਾਉਣਾ ਅਤੇ ਚੋਥਾ ਘਰ ਵਾਲਿਆਂ ਦੀ ਥਾਲੀ ਵਿੱਚ ਵਾਪਿਸ ਕਰ ਦੇਣਾ। ਜਿਨਾਂ ਘਰਾਂ ਵਿੱਚੋ ਪ੍ਰਸ਼ਾਦੇ ਲੈਂਦੇ ਸਨ। ਉਸ ਘਰ ਦੀ ਸੁਆਣੀ ਨੂੰ ਜਪੁਜੀ ਸਾਹਿਬ ਦੀ ਇੱਕ ਪੰਗਤੀ ਪੜਾਉਂਦੇ ਸਨ। ਦੂਸਰੇ ਦਿਨ ਉਸ ਕੋਲੋ ਉਹ ਪੰਗਤੀ ਸੁਣ ਕੇ ਦੂਸਰੀ ਪੰਗਤੀ ਦੀ ਸੰਥਿਆ ਦੇ ਦਿੰਦੇ ਸਨ। ਆਪ ਜੀ ਨੇ ਜਿੱਥੇ ਪੁਰਸ਼ਾਂ ਨੂੰ ਗੁਰਬਾਣੀ ਦਾ ਗਿਆਨ ਦਿੱਤਾ ਓਥੇ ਇਸਤਰੀਆਂ ਨੂੰ ਵੀ ਗੁਰਬਾਣੀ ਦੇ ਨਿਤਨੇਮੀ ਬਣਾਇਆ। ਸ਼ਾਮ ਦਾ ਭੋਜਨ ਕਿਸੇ ਗੁਰਸਿੱਖ ਦੇ ਘਰ ਤੋਂ ਆ ਜਾਂਦਾ ਸੀ। ਭੋਜਨ ਭੇਜਣ ਵਾਲੇ ਨੂੰ ਪਰਿਵਾਰ ਨਾਲ ਦਾ ਭੋਜਨ ਲਿਆਉਣ ਲਈ ਕਹਿੰਦੇ। ਭੋਜਨ ਵਿੱਚ ਕੁੱਝ ਉਚੇਚ ਕਰਨ ਤੋਂ ਮਨਾਂ ਕਰਦੇ ਸਨ। ਆਪ ਜੀ ਨੇ ਕੁਟੀਆ ਵਿੱਚ ਕਦੇ ਵੀ ਅੱਗ ਨਹੀਂ ਬਾਲੀ। ਬੱਚਿਆਂ ਦੇ ਨਾਲ ਬਹੁਤ ਪਿਆਰ ਕਰਦੇ ਸਨ। ਮਨੁੱਖਾਂ ਤੋਂ ਇਲਾਵਾ ਪਸ਼ੁਆਂ, ਜਾਨਵਰਾਂ ਅਤੇ ਪੰਛੀਆਂ ਦੇ ਵੀ ਹਮਦਰਦ ਸਨ। ਪੰਛੀ ਵੀ ਆਪ ਜੀ ਨਾਲ ਬਹੁਤ ਪਿਆਰ ਕਰਦੇ ਸਨ। ਜਿਸ ਸਮੇਂ ਆਪ ਪਾਠ ਕਰਦੇ ਤਾਂ ਖੱਬੀ ਬਾਂਹ ਉੱਤੇ ਇੱਕ ਜਾਨਵਰ (ਸ਼ਾਰਕ) ਬੈਠੀ ਰਹਿੰਦੀ ਸੀ। ਆਪ ਜੀ ਪੰਛੀਆਂ ਵਾਸਤੇ ਉਚੇਚਾ ਪਾਣੀ ਅਤੇ ਦਾਣਿਆਂ ਦਾ ਪ੍ਰਬੰਧ ਰੱਖਦੇ ਸਨ। ਆਪ ਜੀ ਨੇ ਪਾਣੀ ਨੂੰ ਬਹੁਤ ਸੰਜਮ ਨਾਲ ਵਰਤਿਆ। 24 ਘੰਟੇ ਦੀ ਵਰਤੋਂ ਇੱਕ ਘੜੇ ਨਾਲ ਕਰਦੇ। ਇੱਕ ਘੜੇ ਵਿੱਚੋਂ ਹੀ ਪਾਣੀ ਪੀਣ ਲਈ, ਇਸ਼ਨਾਨ ਕਰਨ ਲਈ, ਕੱਪੜ੍ਯੇ ਧੋਣ ਲਈ, ਪੰਛੀਆਂ ਦੇ ਪੀਣ ਲਈ ਵਰਤਿਆ ਜਾਂਦਾ। ਪਾਣੀ ਵੀ ਖੁਦ ਆਪ ਢੋਂਦੇ ਸਨ। ਕੁਟੀਆ ਵਿੱਚ ਝਾੜੂ ਵੀ ਆਪ ਹੀ ਲਗਾਉਂਦੇ ਸਨ। ਆਪ ਜੀ ਦਾ ਝਾੜੂ ਮਾਰਨ ਦਾ ਢੰਗ ਅਜੀਬ ਸੀ। ਪਿਛਲੇ ਪੈਰੀਂ ਤੁਰ ਕੇ ਝਾੜੂ ਮਾਰਦੇ ਸਨ। ਕਿਸੇ ਦੀ ਪੈੜ ਤਾਂ ਕੀ ਆਪਣੀ ਪੈੜ ਵੀ ਸਫਾਈ ਵਾਲੀ ਥਾਂ ਤੇ ਨਹੀਂ ਰਹਿਣ ਦਿੰਦੇ ਸਨ। ਆਪ ਜੀ ਵੱਲੋਂ ਲਗਾਇਆ ਝਾੜੂ ਕੁਟੀਆ ਨੂੰ ਇੱਕ ਅਦਭੁਤ ਨਜ਼ਾਰੇ ਵਿੱਚ ਤਬਦੀਲ ਕਰ ਦਿੰਦਾ ਸੀ। ਕਾਨਿਆਂ ਦੀਆਂ ਸਿਰਕੀਆਂ ਸੰਗਤ ਦੇ ਬੈਠਣ ਵਾਸਤੇ, ਕੁੁਟੀਆ ਦੇ ਦਰਵਾਜਿਆਂ ਵਾਸਤੇ ਅਤੇ ਪਰਦੇ ਬਣਾਉਣ ਵਾਸਤੇ ਬਹੁਤ ਸੁੰਦਰ ਗੁੰਦ ਕੇ ਤਿਆਰ ਕਰਦੇ ਸਨ। ਆਪ ਜੀ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਸੰਜਮ ਦਾ ਰਾਹ ਅਪਣਾਉਂਣ ਲਈ ਦ੍ਰਿੜ ਕਰਾਇਆ। ਕੁਟੀਆ ਦੇ ਆਸੇ ਪਾਸੇ ਬਹੁਤ ਸੰਘਣੇ ਦਰੱਖਤ ਸਨ। ਜਿਨਾਂ ਵਿੱਚ ਬੇਰੀਆਂ, ਫਲਾਈਆਂ ਅਤੇ ਨਿੰਮ ਦੇ ਰੁੱਖ ਵਧੇਰੇ ਸਨ। ਆਪ ਜੀ ਨੇ ਜੀਵਨ ਕਾਲ ਵਿੱਚ ਕਿਸੇ ਵੀ ਰੁੱਖ ਦੀ ਛੰਗਾਈ ਨਹੀਂ ਕੀਤੀ। ਕੁੁਟੀਆ ਵਿੱਚ ਸੈਂਕੜੇ ਹੀ ਮੋਰਾਂ ਦਾ ਨਿਵਾਸ ਸੀ। ਮੋਰ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ। ਜਦ ਵੀ ਆਪ ਕੁਟੀਆ ਤੋਂ ਚਲੇ ਜਾਂਦੇ ਤਾਂ ਮੋਰ ਰੋਣ ਲੱਗ ਜਾਂਦੇ ਸਨ ਅਤੇ ਉਡੀਕ ਕਰਦੇ ਰਹਿੰਦੇ ਸਨ। ਇਲਾਕੇ ਦੇ ਲੋਕ ਮੋਰਾਂ ਨੂੰ ਬਾਬਾ ਜੀ ਦੇ ਮੋਰ ਸਮਝਦੇ ਸਨ। ਇਸ ਕਰਕੇ ਮੋਰਾਂ ਦਾ ਜੀਵਨ ਪੂਰੇ ਇਲਾਕੇ ਵਿੱਚ ਸੁਰੱਖਿਅਤ ਸੀ। ਆਪ ਜੀ ਨੇ ਸਾਰੀ ਉਮਰ ਬ੍ਰਹਮ ਚਰਜ ਰੱਖਿਆ ਭਾਵ ਵਿਆਹ ਨਹੀਂ ਕਰਵਾਇਆ। ਆਪ ਜੀ ਦੇ ਬਚਨ ਸਤਿ ਸਨ। ਜੋ ਵੀ ਬਚਨ ਮੁੱਖ ਵਿੱਚੋਂ ਨਿਕਲ ਜਾਂਦਾ ਸੀ। ਪੂਰਨ ਹੋ ਜਾਂਦਾ ਸੀ। ਆਪ ਜੀ ਦੇ ਪਾਸੋਂ ਅਨੇਕਾਂ ਨਾਮੁਰਾਦਾਂ ਨੇ ਮੁਰਾਦਾਂ ਪ੍ਰਾਪਤ ਕੀਤੀਆਂ। ਆਪ ਜੀ ਨੇ ਅਨੇਕਾਂ ਉਜੜੇ ਘਰਾਂ ਨੂੰ ਵਸਾਇਆ। ਰੋਗੀਆਂ ਨੂੰ ਦੇਹ ਅਰੋਗਤਾ ਬਖਸ਼ਿਸ਼ ਕੀਤੀ। ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਅੱਖਾਂ ਵਿੱਚ ਪਾਉਣ ਲਈ ਸੁਰਮਾਂ ਦਿੰਦੇ ਸਨ। ਇਹ ਸੁਰਮਾਂ ਆਪਣੇ ਹੱਥੀਂ ਅਨੇਕਾਂ ਗੁਣਵਾਨ ਪ੍ਰਦਾਰਥ ਪਾ ਕੇ ਤਿਆਰ ਕਰਦੇ ਸਨ। ਸੁਰਮਾ ਜਿੱਥੇ ਅੱਖਾਂ ਦੀ ਮੈਲ ਧੋਂਦਾ ਸੀ ਓਥੇ ਮਨਾਂ ਦੀ ਮੈਲ ਵੀ ਧੋਤੀ ਜਾਂਦੀ ਸੀ। ਵਹਿਮਾਂ, ਭਰਮਾਂ, ਪਖੰਡਾਂ ਦੇ ਬਹੁਤ ਵਿਰੁੱਧ ਸਨ। ਸਾਲ ਵਿੱਚ ਇੱਕ ਦਿਨ ਲੋਹੜੀ ਤੇ ਸੰਗਤ ਦੀ ਇਕੱਤਰਤਾ ਕਰਦੇ ਸਨ ਅਤੇ ਕਥਾ ਕਰਿਆ ਕਰਦੇ ਸਨ। ਸ਼ਰਧਾਵਾਨ ਪੂਰੇ ਵਿਸ਼ਵ ਵਿੱਚੋਂ ਆਪ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹਿੰਦੇ ਸਨ। ਆਪ ਜੀ ਦਾ ਜੀਵਨ ਬਹੁਤ ਤਿਆਗ ਵਾਲਾ ਅਤੇ ਸੰਜਮੀ ਸੀ। ਆਪਣੇ ਪੁਰਾਣੇ ਵਸਤਰਾਂ ਨੂੰ ਲੰਬੀਆਂ ਲੀਰਾਂ ਬਣਾ ਕੇ ਰੱਸੀ ਵੱਟ ਲੈਂਦੇ ਸਨ ਅਤੇ ਖੂਹ ਵਿੱਚੋਂ ਪਾਣੀ ਭਰਨ ਲਈ ਉਸ ਰੱਸੀ ਦੀ ਵਰਤੋਂ ਕਰਦੇ ਸਨ। ਪੀਣ ਲਈ ਪਾਣੀ ਚਿਪੀ ਵਿੱਚ ਰੱਖਦੇ ਸਨ। 

ਆਪ ਜੀ ਨੇ ਆਪਣਾ ਸਰੀਰ ਛੱਡਣ ਤੋਂ ਪਹਿਲੋਂ ਸੰਸਾਰਕ ਕਿਿਰਆ ਦਾ ਖੁਲਾਸਾ ਕਰ ਦਿੱਤਾ ਸੀ। ਹੁਕਮ ਲਾਇਆ ਕੇ ਸਾਡਾ ਸੰਸਕਾਰ ਸੀਚੇਵਾਲ ਵਿੱਚ ਨਾ ਕੀਤਾ ਜਾਵੇ। ਆਪ ਜੀ ਨਹੀਂ ਚਾਹੁੰਦੇ ਸਨ ਕਿ ਲੋਕ ਸੁੱਖਾਂ ਸੁੱਖ ਕੇ ਦੀਵੇ ਜਗਾ-ਜਗਾ ਸਾਡੀ ਪੂਜਾ ਕਰਨ। ਕਿਉਂਕਿ ਆਪ ਜੀ ਨੇ ਲੋਕਾਂ ਨੂੰ ਨਿਰੰਕਾਰ ਦੀ ਪੂਜਾ ਕਰਨ ਦਾ ਹੀ ਉਪਦੇਸ਼ ਦਿੱਤਾ ਸੀ। ਇਸ ਕਰਕੇ ਆਪਣੇ ਸਰੀਰ ਨੂੰ ਗੰਗਾ ਵਿੱਚ ਜਲ ਪ੍ਰਵਾਹ ਕਰਨ ਦਾ ਬਚਨ ਕਰ ਦਿੱਤਾ ਸੀ। ਨਿਰਮਲ ਕੁਟੀਆ ਸੀਚੇਵਾਲ ਵਿੱਚ ਜੀਵਨ ਦੇ ਅੰਤਿਮ ਦਸ ਸਾਲ ਲਗਾਤਾਰ ਰਹਿਕੇ ਬਤੀਤ ਕੀਤੇ। ਜਿੰਦਗੀ ਭਰ ਕਿਸੇ ਕਿਸਮ ਦੀ ਦਵਾਈ ਦੀ ਵਰਤੋਂ ਨਹੀਂ ਕੀਤੀ। ਇਲਾਕੇ ਦੇ ਲੋਕਾਂ ਨੂੰ ਬਾਬਾ ਜੀ ਦਾ ਬਹੁਤ ਵੱਡਾ ਸਹਾਰਾ ਸੀ। ਹਰੇਕ ਇਨਸਾਨ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਰੱਬੀ ਰੰਗ ਵਿੱਚ ਰੰਗਣ ਵਾਲੇ ਬ੍ਰਹਮ ਗਿਆਨੀ 3 ਚੇਤਰ 1978 ਨੂੰ ਸਵੇਰੇ 8:00ਵਜੇ ਜੋਤੀ ਜੋਤ ਸਮਾ ਗਏ। ਆਪ ਜੀ ਦੇ ਹੁਕਮ ਮੁਤਾਬਕ ਸਰੀਰ ਨੂੰ ਹਰਿਦੁਆਰ ਨੀਲ ਧਾਰਾ ਤੋਂ ਜਲ ਪ੍ਰਵਾਹ ਕਰਿਆ ਗਿਆ। 

ਆਪ ਜੀ ਦੀ ਬਰਸੀ ਹਰ ਸਾਲ ਪੂਰੇ ਇਲਾਕੇ ਵਲੋਂ ਬੜੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਜਾਂਦੀ ਹੈ। ਜਿਸ ਤਰਾਂ ਆਪ ਜੀ ਦੇ ਬਚਨ ਅੱਜ ਤੋਂ 43 ਸਾਲ ਪਹਿਲਾਂ ਦੁਨੀਆਂ ਦੇ ਹਿਰਦਿਆਂ ਵਿੱਚ ਸਨ। ਉਸੇ ਤਰਾਂ ਅੱਜ ਵੀ ਉਹਨਾਂ ਦੀ ਯਾਦ ਹਿਰਦਿਆਂ ਵਿੱਚ ਬਣੀ ਹੋਈ ਹੈ।

Post a Comment

Previous Post Next Post