ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼
ਪੰਜਾਬ ਵਿੱਚ 1974 ਦੇ ਵਾਟਰ ਐਕਟ ਦੀਆਂ ਉਡ ਰਹੀਆਂ ਹਨ ਧੱਜੀਆਂ
ਸਤਲੁਜ ਨੂੰ ਪਲੀਤ ਕਰਨ ਦੀ ਸਰਕਾਰੀ ਤਿਆਰੀ.?
ਤਿੰਨ ਦੇਸ਼ਾਂ ਵਿੱਚੋਂ ਲੰਘਣ ਵਾਲੇ ਸਤਲੁਜ ਦਰਿਆ ਨੂੰ ਪਲੀਤ ਕਰਨ ਦੀ ਪੰਜਾਬ ਸਰਕਾਰ ਨੇ 'ਪੂਰੀ' ਤਿਆਰੀ ਕਰ ਲਈ ਹੈ। ਸਤਲੁਜ ਦਰਿਆ ਤਿੱਬਤ,ਭਾਰਤ ਤੇ ਪਾਕਿਸਤਾਨ ਵਿੱਚੋਂ ਦੀ ਲੰਘਦਾ ਹੈ। ਸਤਲੁਜ ਦਰਿਆ ਜਿਸ ਦੀ ਲੰਬਾਈ 1400 ਕਿਲੋਮੀਟਰ ਦੇ ਕਰੀਬ ਬਣਦੀ ਹੈ ਤੇ ਇਸ ਨੂੰ ਕਿ ਪੰਜਾਬ ਦੀ ਸਾਹ ਰਗ ਵੀ ਆਖਿਆ ਜਾਂਦਾ ਹੈ। ਸਤਲੁਜ ਦਰਿਆ ਦਾ ਪਾਣੀ ਹਿਮਾਚਲ ਪ੍ਰਦੇਸ਼ ਤੋਂ ਜਦੋਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਤਾਂ ਕੁਝ ਸਾਲ ਪਹਿਲਾਂ ਤੱਕ ਤਾਂ ਇਸ ਦੇ ਪਾਣੀ ਦੀ ਗੁਣਵੱਤਾ 'ਏ' ਗ੍ਰੇਡ ਸੀ ਤੇ ਹੁਣ ਇਹ 'ਬੀ' ਗਰੇਡ ਦਾ ਹੋ ਗਈ ਹੈ।ਸਤਲੁਜ ਦਰਿਆ ਦੇ ਪਾਣੀਆਂ ਵਿੱਚ ਲੁਧਿਆਣਾ ਦੇ ਬੁੱਢੇ ਨਾਲੇ ਅਤੇ ਦੋਆਬੇ ਵਿੱਚੋਂ ਲੰਘਦੀ ਚਿੱਟੀ ਵੇਈਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਪੈਣ ਕਾਰਨ ਪਹਿਲਾਂ ਹੀ ਇਸ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਹੁਣ ਸ਼ਾਹਕੋਟ ਕਸਬੇ ਦੇ ਗੰਦੇ ਪਾਣੀ ਨੂੰ ਸੋਧਣ ਬਾਅਦ ਦਰਿਆ ਵਿੱਚ ਸੁਟੱਣ ਲਈ ਇਸ ਦੇ ਧੁੱਸੀ ਬੰਨ੍ਹ ਨੂੰ ਪਾੜਿਆ ਜਾ ਰਿਹਾ ਹੈ।
ਸ਼ਾਹਕੋਟ ਦੇ ਪਾਣੀ ਨੂੰ ਸੋਧਣ ਲਈ ਤਿੰਨ ਐਮਐਲਡੀ ਦੀ ਸਮਰੱਥਾ ਵਾਲਾ ਨਵਾਂ ਟਰੀਟਮੈਂਟ ਪਲਾਂਟ ਬਣਾਇਆ ਗਿਆ ਹੈ। ਇਸ ਦੇ ਮੀਂਹ ਕਾਰਨ 'ਓਵਰ ਫਲੋ' ਹੋਣ ਵਾਲੇ ਪਾਣੀ ਨੂੰ ਦਰਿਆ ਵਿੱਚ ਪਾਉਣ ਲਈ ਸਾਢੇ ਅੱਠ ਕਿਲੋਮੀਟਰ ਤੱਕ ਦੀ ਲੰਬੀ ਪਾਇਪ ਲਾਈਨ ਪਾ ਦਿੱਤੀ ਗਈ ਹੈ। ਇਸ ਪਾਇਪ ਲਾਇਨ ਨੂੰ ਦਰਿਆ ਦੇ ਧੁੱਸੀ ਬੰਨ੍ਹ ਹੇਠੋ ਲੰਘਾਉਣ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ।ਨਗਰ ਕੋਂਸਲ ਸ਼ਾਹਕੋਟ ਵੱਲੋਂ ਬਣਾਏ ਗਏ ਟਰੀਟਮੈਂਟ ਪਲਾਂਟ ਵਿੱਚੋਂ ਓਵਰ ਫਲੋ ਹੋਣ ਵਾਲੇ 'ਸੋਧੇ' ਪਾਣੀ ਨੂੰ ਦਰਿਆ ਵਿੱਚ ਸੁੱਟਣ ਦੇ ਕੰਮ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਬੱਜਟ ਸ਼ੈਸ਼ਨ ਦੌਰਾਨ ਹੀ ਪੰਜਾਬ ਦੇ ਪਾਣੀਆਂ ਬਾਰੇ ਵਿਧਾਇਕਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਦੋ ਮਹੀਨਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ ਪਰ ਇਸ ਦੇ ਬਾਵਜੂਦ ਸਰਕਾਰੀ ਤੰਤਰ ਸਤਲੁਜ ਦਰਿਆ ਨੂਂੰ ਪਲੀਤ ਕਰਨ ਲਈ ਜੰਗੀ ਪੱਧਰ 'ਤੇ ਲੱਗਾ ਹੋਇਆ ਹੈ।ਪੰਜਾਬ ਦੇ ਕੁਦਰਤੀ ਪਾਣੀ ਦੇ ਸਰੋਤਾਂ ਨੂੰ ਪਲੀਤ ਹੋਣ ਤੋਂ ਰੋਕਣ ਦੀ ਜੁੰਮੇਵਾਰੀ ਪੰਜਾਬ ਪ੍ਰਦਦੂਸ਼ਣ ਕੰਟਰੋਲ ਬੋਰਡ ਦੀ ਬਣਦੀ ਹੈ ਪਰ ਇਹ ਬੋਰਡ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਦੇ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ।ਪਾਣੀਆਂ ਦੇ ਕੁਦਰਤੀ ਸਰੋਤਾਂ ਵਿੱਚ ਗੰਦਗੀ ਪੈਣ ਤੋਂ ਰੋਕਣ ਲਈ 1974 ਦਾ ਵਾਟਰ ਐਕਟ ਬਣਿਆ ਹੋਇਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐਨਜੀਟੀ ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਾਹਕੋਟ ਨਗਰ ਕੌਂਸਲ ਵੱਲੋਂ ਸਤਲੁਜ ਦਰਿਆ ਵਿੱਚ ਟਰੀਟਮੈਂਟ ਦਾ ਪਾਣੀ ਪਾਉਣ ਦੇ ਮਾਮਲੇ ਨੂੰ ਗੰਭੀਰ ਦੱਸਦਿਆ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਚੁੱਕਾ ਹੈ ਤੇ ਜੇ ਦਰਿਆਵਾਂ ਦੇ ਪਾਣੀਆਂ ਨੂੰ ਵੀ ਨਾ ਸੰਭਾਲਿਆ ਗਿਆ ਤਾਂ ਸੂਬੇ ਦੇ ਹਲਾਤ ਹੋਰ ਵੀ ਵਿਗੜ ਜਾਣਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੀਪੀਸੀਬੀ ਅਤੇ ਨਿਗਰਾਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਰੱਖਣਗੇ।ਟਰੀਟਮੈਂਟ ਪਲਾਂਟ ਤੋਂ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਿਆ ਜਾਵੇ। ਵਾਤਾਵਰਣ ਪ੍ਰੇਮੀ ਡਾ ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਕਾਨੂੰਨ ਅਨੁਸਾਰ ਸੋਧੇ ਹੋਏ ਪਾਣੀ ਨੂੰ ਵੀ ਸਤਲੁਜ ਦਰਿਆ ਵਿੱਚ ਨਹੀਂ ਸੁੱਟਿਆ ਜਾ ਸਕਦਾ। ਜਿਹੜਾ ਬਹਾਨਾ ਪ੍ਰਸ਼ਾਸ਼ਨ ਲਾ ਰਿਹਾ ਕਿ ਓਵਰ ਫਲੋ ਵਾਲਾ ਸੋਧਿਆ ਪਾਣੀ ਹੀ ਸੁਟਿਆ ਜਾਣਾ ਹੈ ਤਾਂ ਫਿਰ ਲੁਧਿਆਣੇ ਦੇ ਬਣੇ ਟਰੀਟਮੈਂਟਾਂ ਦਾ ਪਾਣੀ ਬਾਈਪਾਸ ਕਰਕੇ ਹੀ ਸਤਲੁਜ ਵਿੱਚ ਸੁਟਿਆ ਜਾ ਰਿਹਾ ਹੈ।
Post a Comment