“ਆਲੋਚਨਾ ਨਾਲੋਂ ਜ਼ਿਆਦਾ 'ਬਦਲ' ਦੇਣ ਦਾ ਇਰਾਦਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸੇ ਸਮੱਸਿਆ ਦਾ ਹੱਲ ਕੀ ਕੱਢਦੇ ਹਾਂ।” – ਸੰਤ ਬਲਬੀਰ ਸਿੰਘ ਸੀਚੇਵਾਲ
ਸ਼ਾਮ ਦਾ ਸਮਾਂ-4 ਵਜੇ-ਸੰਨ 1981

ਸੰਤ ਸੀਚੇਵਾਲ ਦੇ ਜੀਵਨ ‘ਤੇ ਝਾਤ ਮਾਰਦਿਆ ਬੜੇ ਹੀ ਦਿਲਚਸਪ ਕਿੱਸੇ ਸਾਹਮਣੇ ਆਉਂਦੇ ਹਨ।
ਸੀਚੇਵਾਲ ਦੀਆਂ ਗਲੀਆਂ ਵਿੱਚ ਖੇਡਦਾ –ਖੇਡਦਾ ਬਲਬੀਰ ਸਿੰਘ ਨਾਂਅ ਦਾ ਗੱਭਰੂ ਆਪਣੇ ਕਾਰਜਾਂ ਰਾਹੀ ਦੁਨੀਆਂ ਦੇ ਮੰਚਾਂ ‘ਤੇ ਚਰਚਾ ਦਾ ਕੇਂਦਰ ਬਿੰਦੂ ਬਣ ਕੇ ਉਭਰਿਆ ਇਸ ਬਾਰੇ ਸ਼ਾਇਦ ਹੀ ਕਿਸੇ ਸੋਚਿਆ ਹੋਣਾ।
ਜਦੋਂ ਬਾਬਾ ਜੀ ਨੇ ਨਿਰਮਲ ਕੁਟੀਆ ਸੀਚੇਵਾਲ ਦੀ ਵੱਡੀ ਜੁੰਮੇਵਾਰੀ ਨੂੰ ਸੰਭਾਲਿਆਂ ਸੀ ਤਾਂ ਜਿਹੜਾ ਪਹਿਲਾ ਕਾਰਜ ਉਨ੍ਹਾਂ ਨੇ ਆਰੰਭ ਕੀਤਾ ਸੀ ਉਹ ਸੀ ਰਸਤੇ ਬਣਾਉਣ ਦਾ। ਰਸਤੇ ਜਿੰਨ੍ਹਾਂ ਨੂੰ ਲੋਕ ਜੀਵਨ ਰੇਖਾਵਾਂ ਵੀ ਕਹਿੰਦੇ ਹਨ। ਲੋਕਾਂ ਦੇ ਜੀਵਨ ਵਿੱਚ ਅਸਲ ਪ੍ਰੀਵਰਤਣ ਲਿਆਉਣ ਵਾਲਾ ਇਹ ਰਾਹ ਸੰਤ ਸੀਚੇਵਾਲ ਜੀ ਨੇ ਟਿੱਬਿਆਂ ਦੀਆਂ ਟੀਸੀਆਂ ਵਿੱਚੋਂ ਦੀ ਕੱਢਿਆ ਸੀ।ਰਸਤੇ ਬਣਾਉਣ ਦਾ ਕੰਮ ਅਜਿਹਾ ਸੀ ਜਿਸ ਨੇ ਲੋਕਾਂ ਦਾ ਜੀਵਨ ਦਾ ਕਈ ਪਹਿਲੂਆਂ ਤੋਂ ਬਦਲਕੇ ਰੱਖ ਦਿੱਤਾ ਸੀ ਜਿਸ ਦਾ ਸਿੱਧਾ ਅਸਰ ਕਿਸਾਨੀ ‘ਤੇ ਪਿਆ। ਜਦੋਂ ਰਸਤੇ ਬਣਨ ਨਾਲ ਖੇਤਾਂ ਵਿੱਚ ਬਹਾਰਾਂ ਆ ਗਈਆਂ।
‘ਮਿੱਟੀ ਵੀ ਸੋਨਾ ਉਗਲਦੀ ਹੈ’ ਵਾਲੀ ਕਹਾਵਤ ਨੂੰ ਉਨ੍ਹਾਂ ਨੇ ਇਸ ਇਲਾਕੇ ਵਿਚ ਸੱਚ ਸਾਬਿਤ ਕਰਕੇ ਦਿਖਾ ਦਿੱਤਾ'
ਆਮ ਤੌਰ ‘ਤੇ ਧਾਰਮਿਕ ਡੇਰਿਆਂ ਦੇ ਮੁਖੀ ਆਮ ਤੌਰ ‘ਤੇ ਆਪਣੇ ਆਪ ਨੂੰ ਧਾਰਮਿਕ ਖੇਤਰ ਤੱਕ ਹੀ ਮਹਿਦੂਦ ਕਰਕੇ ਰੱਖ ਲੈਂਦੇ ਹਨ। ਸੰਤ ਸੀਚੇਵਾਲ ਜੀ ਨੇ ਪਹਿਲਾਂ ਦੀਆਂ ਚੱਲੀਆਂ ਆ ਰਹੀਆਂ ਸਥਾਪਿਤ ਵੱਲਗਣਾ ਵਿੱਚੋਂ ਨਿਕਲਕੇ ਉਹ ਨਵੀਂਆਂ ਹੱਦਾਂ-ਸਰਹੱਦਾਂ ਮਿੱਥੀਆਂ ਸਨ ਜਿੰਨ੍ਹਾਂ ਦੀਆਂ ਕੋਈ ਹੱਦਾਂ ਹੀ ਨਹੀਂ ਸੀ। ਖੁਸ਼ਹਾਲ ਲਾਲੀ ਆਪਣੀ ਕਿਤਾਬ ‘ਬਾਬੇ ਦਾ ਮਿਸ਼ਨ’ ਵਿੱਚ ਇਸ ਗੱਲ ਦਾ ਜ਼ਿਕਰ ਬੜੀ ਬਾਖੂਬੀ ਨਾਲ ਕਰਦਾ ਹੈ ਕਿ ਵੇਈਂ ਦੇ ਕਾਰਜ ਨੂੰ ਕਰਨ ਤੋਂ ਪਹਿਲਾਂ ਜਿਹੜਾ ਰਸਤੇ ਬਣਾਉਣ ਦਾ ਕੰਮ ਸੰਤ ਸੀਚੇਵਾਲ ਜੀ ਨੇ ਕੀਤਾ ਸੀ ਉਹ ਅਸਲ ਵਿੱਚ ਜੰਗ ਵਿੱਚ ਜਾਣ ਤੋਂ ਪਹਿਲਾਂ ਕੀਤੇ ਜਾਣ ਵਾਲਾ ਅਭਿਆਸ ਹੀ ਸੀ ਭਾਵ ਕਿ ਬਾਬੇ ਨਾਨਕ ਦੀ ਪ੍ਰਦੂਸ਼ਿਤ ਹੋ ਚੁੱਕੀ ਵੇਈਂ ਨੂੰ ਸਾਫ਼ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਚਣੌਤੀ ਸੀ।ਇਸ ਪਹਾੜ ਵਰਗੀ ਚਣੌਤੀ ਨਾਲ ਮੱਥਾ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੇ ਰਸਤੇ ਬਣਾਉਣ ਦੇ ਕੀਤੇ ਕੰਮਾਂ ਰਾਹੀ ਆਪਣੇ ਆਪ ਨੂੰ ਤੇ ਸੇਵਾਦਾਰਾਂ ਨੂੰ ਇੱਕ ਇਮਤਿਹਾਨ ਵਿੱਚ ਪਾਇਆ ਸੀ।ਹਰ ਇੱਕ ਨੂੰ ਲੱਗ ਰਿਹਾ ਸੀ ਕਿ ਉਹ ਰਾਹ ਤਿਆਰ ਕਰ ਰਹੇ ਹਨ ਪਰ ਅਸਲ ਮਕਸਦ ਤਾਂ ਇਹ ਸੀ ਕਿ ਉਹ ਬਾਬੇ ਨਾਨਕ ਦੀ ਵੇਈਂ ਨੂੰ ਸਾਫ਼ ਕਰਨ ਲਈ ਇੰਨ੍ਹਾਂ ਰਸਤਿਆਂ ਰਾਹੀ ਜੰਗੀ ਮਸ਼ਕਾਂ ਕਰ ਰਹੇ ਸਨ।ਸੇਵਾਦਾਰਾਂ ਵਿੱਚੋਂ ਕੋਈ ਨਹੀਂ ਜਾਣਦਾ ਉਹ ਇੰਨ੍ਹਾਂ ਟਿੱਬਿਆਂ ਨੂੰ ਢਾਹ ਕੇ ਜਿਹੜੇ ਰਸਤੇ ਬਣਾ ਰਹੇ ਹਨ ਉਹੀ ਰਾਸਤੇ ਬਾਬਾ ਜੀ ਲਈ ਕੌਮਾਂਤਰੀ ਮੰਚ ਤਿਆਰ ਕਰ ਰਹੇ ਸਨ। ਧਰਾਤਲ ਨਾਲ ਜੁੜੇ ਰਹਿਣ ਦੇ ਨਾਲ-ਨਾਲ ਕੌਮਾਂਤਰੀ ਮੰਚਾਂ ‘ਤੇ ਇੱਕੋ ਸਮੇਂ ਵਿਚਰਨ ਦਾ ਸੁਭਾਗ ਕਿਸੇ ਵਿਰਲੀ ਸ਼ਖਸ਼ੀਅਤ ਦੇ ਹਿੱਸੇ ਆਉਂਦਾ ਹੈ।ਇਹ ਮਾਣ ਸੀਚੇਵਾਲ ਪਿੰਡ ਦੀਆਂ ਗਲੀਆਂ ਨਾਲ ਜੁੜੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਹਿੱਸੇ ਆਇਆ ਹੈ।
ਕਾਲੀ ਵੇਂਈ ਦੀ ਕਹਾਣੀ
ਸਿੱਖ ਧਰਮ ਨਾਲ ਕਾਲੀ ਵੇਂਈ ਦਾ ਰਿਸ਼ਤਾ ਗੁਰੁ ਨਾਨਕ ਦੇਵ ਜੀ ਤੋਂ ਜੁੜਦਾ ਹੈ।ਜਦੋਂ ਤਲਵੰਡੀ ਨਨਕਾਣੇ ਤੋਂ ਗੁਰੁ ਸਾਹਿਬ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਕੋਲ ਰਹਿਣ ਆ ਗਏ ਤਾਂ ਇੱਥੇ ਉਹ 14 ਸਾਲ 9 ਮਹੀਨੇ 13 ਦਿਨ ਰਹੇ।ਇਸੇ ਦੌਰਾਨ ਸਾਲ ਦੀ ਘਟਨਾ ਹੈ ਕਿ ਉਹ ਕਾਲੀ ਵੇਂਈ 'ਚ ਤਿੰਨ ਦਿਨ ਲਈ ਅਲੋਪ ਹੋ ਗਏ। ਜਦੋਂ ਕਾਲੀ ਵੇਂਈ ਤੋਂ ਤਿੰਨ ਦਿਨਾਂ ਬਾਅਦ ਗੁਰੁ ਨਾਨਕ ਦੇਵ ਜੀ ਮੁੜ ਪ੍ਰਗਟ ਹੋਏ ਤਾਂ ਸੁਲਤਾਨਪੁਰ ਲੋਧੀ ਦੀ ਇਸੇ ਧਰਤੀ 'ਤੇ ਉਹਨਾਂ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ।
ਕਾਰ-ਸੇਵਾ
150 ਪਿੰਡ ਅਤੇ 8 ਸ਼ਹਿਰਾਂ ਦੀ ਗੰਦਗੀ ਪਵਿੱਤਰ ਕਾਲੀ ਵੇਂਈ 'ਚ ਪੈ ਰਹੀ ਸੀ।80ਵੇਂਆ ਦਹਾਕਿਆਂ 'ਚ ਕਾਲੀ ਵੇਂਈ ਗੰਦੇ ਨਾਲੇ ਤੋਂ ਵੱਧਕੇ ਕੁਝ ਨਹੀਂ ਸੀ।ਇਸ ਨਦੀ ਦੀ ਧਾਰਮਿਕ ਮਹੱਤਤਾ ਹੋਣ ਕਰਕੇ ਇਹਨੂੰ ਸਾਫ ਕਰਨ ਲਈ ਕਈ
ਬੈਠਕਾਂ ਹੁੰਦੀਆਂ ਰਹੀਆਂ ਪਰ ਤਹੱਈਆ ਕਰਨ ਨੂੰ ਕੋਈ ਤਿਆਰ ਨਹੀਂ ਸੀ।10 ਜੁਲਾਈ 2000 ਦੇ ਦਿਨ ਜਲੰਧਰ 'ਚ ਹੋਈ ਬੈਠਕ ਨੇ ਸਭ ਕੁਝ ਬਦਲ ਦਿੱਤਾ।ਇਸ ਬੈਠਕ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਅਤੇ ਇਸ ਲਈ ਸਾਨੂੰ ਖੁਦ ਵੇਂਈ 'ਚ ਵੜਣਾ ਪੈਣਾ ਹੈ।ਇਸੇ ਸਾਲ ਇਸੇ ਮਹੀਨੇ 14 ਤਾਰੀਖ਼ ਸਾਉਣ ਦੀ ਸੰਗਰਾਦ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੇਵਾਦਰ ਨਾਲ ਕਾਲੀ ਵੇਂਈ 'ਚ ਕੁੱਦ ਪਏ ਅਤੇ ਸਾਫ ਸਫਾਈ ਸ਼ੁਰੂ ਕਰ ਦਿੱਤੀ।ਪ੍ਰੋ ਹਰਨੇਕ ਸਿੰਘ ਦੱਸਦੇ ਹਨ ਕਿ ਹੁਣ ਤਾਂ ਮਸ਼ੀਨਰੀ ਦੀ ਮਦਦ ਨਾਲ ਸਾਫ ਸਫਾਈ ਕੀਤੀ ਜਾਂਦੀ ਹੈ ਪਰ ਉਦੋਂ ਹਜ਼ਾਰਾਂ ਸੰਗਤਾਂ ਕਾਲੀ ਵੇਂਈ 'ਚੋਂ ਗੰਦਗੀ ਹੱਥੀਂ ਸੇਵਾ ਕਰਕੇ ਕੱਢ ਰਹੀਆਂ ਸਨ।ਮੁਸ਼ਕ,ਗੰਦੀ ਬੂਟੀ ਅਤੇ ਕੀੜੇ ਮਕੌੜਿਆਂ ਦੀ ਪਰਵਾਹ ਕੀਤੇ ਬਿਨਾਂ ਸੰਗਤਾਂ ਨੇ ਸ਼ਰਧਾ ਦੇ ਸੈਲਾਬ 'ਚ ਗੁਰੁ ਨਾਨਕ ਸਾਹਿਬ ਦੇ ਪਵਣੁ ਗੁਰੁ ਪਾਣੀ ਪਿਤਾ ਦੇ ਸੰਦੇਸ਼ ਨੂੰ ਮੰਨਿਆ ਅਤੇ ਲਗਾਤਾਰ ਸੇਵਾ ਕੀਤੀ।
ਪ੍ਰੋ ਕੁਲਵਿੰਦਰ ਸਿੰਘ ਕਹਿੰਦੇ ਹਨ ਕਿ ਉਹਨਾਂ ਸਮਿਆਂ 'ਚ ਅਸੀਂ ਸਕੂਲ ਪੜ੍ਹਦੇ ਸੀ।ਅਸੀਂ ਆਪ ਵੀ ਸੇਵਾ ਕੀਤੀ ਅਤੇ ਸੰਤ ਸੀਚੇਵਾਲ ਨੂੰ ਅਸੀਂ ਵੇਖਿਆ ਹੈ ਕਿ ਕਿੰਝ ਉਹ ਘੰਟਿਆ ਤੱਕ ਪਾਣੀ 'ਚ ਰਹਿੰਦੇ ਸਨ।ਸਫਾਈ ਦੀ ਇਸ ਸੇਵਾ 'ਚ ਉਹਨਾਂ ਕਈ ਵਾਰ ਰੋਟੀ ਵੀ ਨਦੀ 'ਚ ਖੜੋਤਿਆਂ ਖਾਣੀ।ਲਗਾਤਾਰ ਪਾਣੀ 'ਚ ਰਹਿਣ ਕਾਰਨ ਸੰਗਤਾਂ ਦੇ ਸੰਤ ਸੀਚੇਵਾਲ ਦੇ ਪੈਰ ਤੱਕ ਗਲ਼ ਗਏ ਸਨ।ਅਖੀਰ ਮਿਹਨਤ ਰੰਗ ਲਿਆਈ ਅਤੇ 160 ਕਿਲੋਮੀਟਰ ਲੰਮੀ ਕਾਲੀ ਵੇਂਈ ਨਦੀ ਨੂੰ ਸਾਫ ਕੀਤਾ ਗਿਆ।ਇਹ ਮਨੁੱਖੀ ਘਾਲਣਾ ਦੀ ਅੱਦੁਤੀ ਮਿਸਾਲ ਹੈ।ਉਹਨਾਂ ਸਮਿਆਂ ਦੇ ਰਾਸ਼ਟਰਪਤੀ ਡਾ.ਅਬਦੁਲ ਕਲਾਮ ਨੇ ਕਾਲੀ ਵੇਂਈ ਦੀ ਸੇਵਾ ਨੂੰ '9 ਅਚੀਵਮੈਂਟ ਆਫ ਇੰਡੀਆ' 'ਚੋਂ ਇੱਕ ਕਿਹਾ ਸੀ।
ਇਸ ਮਿਸਾਲ ਦੀ ਚਰਚਾ ਐਸੀ ਹੋਈ ਕਿ 6 ਅਕਤੂਬਰ 2008 ਦੇ ਟਾਈਮ ਰਸਾਲੇ ਨੇ ਆਪਣੀ ਕਵਰ ਸਟੋਰੀ 'ਹੀਰੋਜ਼ ਆਫ ਦੀ ਇਨਵਾਰਿਨਮੈਂਟ 2008' 'ਚ 255 ਦੇਸ਼ਾਂ ਦੀਆਂ ਉਹਨਾਂ ਸ਼ਖਸੀਅਤਾਂ ਅਤੇ ਕਹਾਣੀਆਂ ਨੂੰ ਥਾਂ ਦਿੱਤੀ ਜਿਹਨਾਂ ਨੇ ਸੰਸਾਰ 'ਚ ਆਬੋ ਹਵਾ ਲਈ ਕੰਮ ਕੀਤੇ।ਇਸ ਕਹਾਣੀ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਜ਼ਿਕਰ ਸੀ।
ਅਸਰ:-
ਸੁਲਤਾਨਪੁਰ ਲੋਧੀ ਤੋਂ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਸੰਗਤਾਂ ਦੇ ਇਸ ਜਜ਼ਬੇ ਨੇ ਕਾਲੀ ਵੇਂਈ ਦੀ ਸੇਵਾ ਤੋਂ ਜਿਹੜੀ ਮਿਸਾਲ ਪੇਸ਼ ਕੀਤੀ ਹੈ ਉਹਨੇ ਪੰਜਾਬ ਅਤੇ ਦੁਨੀਆਂ ਨੂੰ ਸਾਫ ਸ਼ੁੱਧ ਪਾਣੀ ਅਤੇ ਆਬੋ ਹਵਾ ਲਈ ਪ੍ਰੇਰਿਆ ਹੈ।ਉਹਨਾਂ ਸਮਿਆਂ 'ਚ 100-150 ਟਰੈਕਟਰ,ਹਜ਼ਾਰਾਂ ਸੰਗਤਾਂ ਨੇ ਜੋ ਕੀਤਾ ਉਹਦਾ ਅਸਰ ਅੱਜ ਵੇਖਣ ਨੂੰ ਮਿਲਦਾ ਹੈ।
ਕਾਲੀ ਵੇਂਈ ਨਦੀ 'ਚ ਗੰਦਗੀ ਪੈਣੀ ਬੰਦ ਹੋ ਗਈ ਹੈ ਅਤੇ ਨੇੜਲੇ ਇਲਾਕਿਆਂ ਦੀ ਖੇਤੀ 'ਚ ਖਾਦਾਂ ਦੀ ਵਰਤੋਂ ਘਟੀ ਹੈ।ਭੂਮੀ ਰੱਖਿਆ ਮਹਿਕਮਾ ਪੰਜਾਬ ਸਰਕਾਰ ਦੀ ਰਿਪੋਰਟ ਹੈ ਕਿ ਪੰਜਾਬ ਦੇ 138 ਬਲਾਕ ਬਲੈਕ ਜ਼ੋਨ 'ਚ ਹਨ ਜਿੰਨ੍ਹਾਂ ਦਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ।ਇਹਨਾਂ 'ਚੋਂ ਸੁਲਤਾਨਪੁਰ ਲੋਧੀ ਦਾ ਬਲਾਕ ਹੀ ਅਜਿਹਾ ਹੈ ਜਿੱਥੇ 2.5 ਮੀਟਰ ਦੇ ਹਿਸਾਬ ਨਾਲ 2005 ਤੋਂ 2014 ਤੱਕ ਉੱਪਰ ਆਇਆ ਹੈ। ਦੁਆਬ ਦੇ ਖੇਤਰ 'ਚ ਬਿਆਸ ਦਰਿਆ ਉੱਚੇ ਥਾਂ ਵਗਣ ਕਰਕੇ ਦੁਆਬੇ ਦੀ ਜ਼ਮੀਨ 'ਚ ਸੇਮ ਬਹੁਤ ਰਹਿੰਦੀ ਸੀ।ਕਾਲੀ ਵੇਂਈ ਦਾ ਪਾਣੀ ਬੰਦ ਹੋਣ ਕਰਕੇ ਅਜਿਹਾ ਸੀ।ਪਰ ਜਦੋਂ ਤੋਂ ਬਿਆਸ ਦੀ ਸਹਾਇਕ ਨਦੀਂ ਕਾਲੀ ਵੇਂਈ ਮੁੜ ਸੁਰਜੀਤ ਹੋਈ ਤਾਂ ਹੇਠਲੇ ਇਲਾਕਿਆਂ ਦੀ ਸੇਮ ਵੀ ਖਤਮ ਹੋਈ ਹੈ।ਇਸ ਤੋਂ ਇਲਾਵਾ ਕਾਲੀ ਵੇਂਈ ਨਾਲ ਰੁੱਖਾਂ ਦੇ ਵਧਣ ਨਾਲ ਪੰਛੀਆਂ ਦਾ ਵਾਧਾ ਵੀ ਹੋਇਆ ਹੈ ਅਤੇ 45 ਕਿਸਮਾਂ ਦੇ ਜਲਚਰ ਜੀਵਾਂ ਨੂੰ ਨਵਾਂ ਠਿਕਾਣਾ ਮਿਲਿਆ ਹੈ।ਮੰਡ ਦੇ ਖੇਤਰ 'ਚ ਹੜ੍ਹਾਂ ਦੀ ਸਮੱਸਿਆ ਵੀ ਬਹੁਤ ਸੀ।ਕਾਲੀ ਵੇਂਈ ਦੇ 4 ਕਿਲੋਮੀਟਰ ਦੇ ਬੰਨ੍ਹ ਉਸਾਰਨ 'ਤੇ ਹੜ੍ਹਾਂ ਦੀ ਰੋਕਥਾਮ ਵੀ ਕੁਦਰਤੀ ਢੰਗ ਨਾਲ ਬੰਦ ਹੋ ਗਈ ਹੈ।
ਹੁਣ ਲੋਕ ਸੁਲਤਾਨਪੁਰ ਲੋਧੀ 'ਚ ਸਵੇਰੇ ਸੈਰ ਵੱਖਰੀ ਕਰਦੇ ਹਨ।ਪਿਛਲੇ 18 ਸਾਲਾਂ ਤੋਂ ਝਾੜੂ ਦੀ ਸੇਵਾ ਨਾਲ ਸਫਾਈ ਵੱਖਰੀ ਰੱਖੀ ਜਾ ਰਹੀ ਹੈ ਅਤੇ ਪੰਜਾਬ ਲਈ ਬੇਪਛਾਣੀਆਂ ਕਨੋਇੰਗ ਅਤੇ ਕਾਈਕਿੰਗ ਜਹੀਆਂ ਖੇਡਾਂ ਨੂੰ ਵੀ ਆਸਰਾ
ਮਿਲਿਆ ਹੈ।ਕਾਲੀ ਵੇਂਈ ਨਦੀ ਦਾ ਵਹਿਣ ਬਹੁਤ ਸ਼ਾਂਤ ਹੈ।ਇਸ ਨਦੀ ਦਾ ਭਰਪੂਰ ਇਸਤੇਮਾਲ ਸੰਤ ਸੀਚੇਵਾਲ ਸਪੋਰਟਸ ਸੈਂਟਰ ਵੱਲੋਂ ਕੀਤਾ ਜਾ ਰਿਹਾ ਹੈ।ਇਹ ਸੈਂਟਰ ਨੋਕਾ,ਕਿਸ਼ਤੀ ਦੋੜ ਦਾ ਅਭਿਆਸ ਕੇਂਦਰ ਬਣ ਗਿਆ ਹੈ।ਅਜਿਹਾ ਸੈਂਟਰ ਇਸ ਤੋਂ ਪਹਿਲਾਂ ਪੰਜਾਬ 'ਚ ਸਿਰਫ ਸੁਖ਼ਨਾ ਝੀਲ ਚੰਡੀਗੜ੍ਹ ਜਾਂ ਤਲਵਾੜਾ ਡੈਮ ਸੀ।ਮਹਿੰਗੀ ਖੇਡ ਹੋਣ ਕਾਰਨ 15000 ਪ੍ਰਤੀ ਮਹੀਨਾ ਖਰਚਾ ਕਰਨਾ ਵੀ ਕਾਫੀ ਔਖਾ ਹੈ।ਪਰ ਖਿਡਾਰੀਆਂ ਨੂੰ ਇੱਥੇ ਨਿਰਮਲ ਕੁਟੀਆ ਅਤੇ ਗੁਰਦੁਆਰਾ ਬੇਰ ਸਾਹਿਬ ਰਹਾਇਸ਼ ਅਤੇ ਖਾਣ ਪੀਣ ਦਾ ਬੰਦੋਬਸਤ ਹੋ ਜਾਂਦਾ ਹੈ।ਇਸ ਖੇਡ ਤੋਂ ਹੁਣ ਤੱਕ 28 ਬੱਚੇ ਇੱਥੋਂ ਸਰਕਾਰੀ ਨੌਕਰੀਆਂ 'ਚ ਗਏ ਹਨ ਅਤੇ ਕਈ ਕੌਮਾਂਤਰੀ ਖੇਡਾਂ 'ਚ ਹਿੱਸਾ ਲੈ ਰਹੇ ਹਨ।ਪੰਜਾਬ ਸਰਕਾਰ ਵੱਲੋਂ ਇੱਥੇ ਕੋਚ ਮੁਹੱਈਆ ਕਰਵਾਇਆ ਗਿਆ ਹੈ।ਕਲਾਮ ਦਾ ਸਲਾਮ
ਅਜ਼ਾਦ ਭਾਰਤ ਦੇ ਇਤਿਹਾਸ ਦੀ ਇਹ ਪਹਿਲੀ ਘਟਨਾ ਹੈ ਕਿ ਇਕ ਨਦੀ ਨੂੰ ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕਰ ਰਹੀਆਂ ਸੰਗਤਾਂ ਨੂੰ ਅੱਖੀ ਦੇਖਣ ਲਈ ਦੇਸ਼ ਦਾ ਰਾਸ਼ਟਰਪਤੀ ਆਪ ਚੱਲ ਕੇ ਆਏ ਹੋਣ।
ਭਾਰਤ ਦੇ ਰਾਸ਼ਟਰਪਤੀ ਡਾ ਅਬਦੁਲ ਕਲਾਮ ਨੇ ਜਦੋਂ ਪਹਿਲੀ ਵਾਰ ਕਾਲੀ ਵੇਂਈ ਦੀ ਸੇਵਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਸੇਵਾ ਦੀ ਇਸ ਬੇਮਿਸਾਲ ਕਹਾਣੀ ਨੇ ਛੂਹਿਆ।16 ਅਗਸਤ 2006 ਨੂੰ ਉਹ ਉੱਚੇਚਾ ਸੁਲਤਾਨਪੁਰ ਲੋਧੀ ਇਸ ਅਲੌਕਿਕ ਨਜ਼ਾਰੇ ਨੂੰ ਵੇਖਣ ਆਏ।ਇਸ ਤੋਂ ਬਾਅਦ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਤੋਂ ਬਾਅਦ 28 ਜੁਲਾਈ 2008 ਨੂੰ ਉਹ ਮੁੜ ਆਏ।ਡਾ. ਕਲਾਮ ਨੇ ਕਾਲੀ ਵੇਂਈ ਦੀ ਸੇਵਾ ਦੀ ਇਸ ਕਹਾਣੀ ਨੂੰ '9 ਅਚੀਵਮੈਂਟ ਆਫ ਇੰਡੀਆ' ਵਿੱਚ ਮੰਨਿਆ ਅਤੇ ਆਪਣੀਆਂ 50 ਤੋਂ ਵੱਧ ਕੌਮਾਂਤਰੀ ਤਕਰੀਰਾਂ 'ਚ ਕਾਲੀ ਵੇਂਈ ਦੀ ਸੇਵਾ ਦਾ ਜ਼ਿਕਰ ਕੀਤਾ।
ਡਾ. ਕਲਾਮ ਨੇ ਕਿਹਾ ਸੀ- “ਜਿਸ ਥਾਂ 'ਤੇ ਸਾਫ ਸੁੱਧ ਹਵਾ ਪਾਣੀ ਹੋਵੇ ਅਸਲ ਮੰਦਰ ਉਹੋ ਹੈ।ਇਹ ਸਾਡੇ ਜਿਊਣ ਦੇ ਅਧਿਕਾਰ ਦੀ ਪਰਵਾਹ ਕਰਦੇ ਉੱਧਮ ਹਨ।ਸਿਆਸਤ ਅਤੇ ਮੁਨਾਫੇ ਭਰੀ ਦੁਨੀਆਂ ਨੂੰ ਸਧਾਰਨ ਜਨ ਦੀ ਇਸ ਕੌਸ਼ਿਸ਼ ਤੋਂ ਕੁਝ ਸਿੱਖਣਾ ਚਾਹੀਦਾ ਹੈ।”
ਬਦਲੀਆਂ ਜ਼ਿੰਦਗੀਆਂ
ਪਿੰਡ ਸ਼ੇਰਪੁਰ ਦੋਨਾ ਤੋਂ ਮਾਤਾ ਗਿਆਨ ਕੌਰ ਕਹਿੰਦੇ ਨੇ ਉਹ ਆਪਣੇ ਮੁੰਡੇ ਨੂੰ ਲੈਕੇ ਬੜਾ ਪਰੇਸ਼ਾਨ ਰਹੇ ਸਨ।ਨਿਤ ਦੇ ਉਲਾਂਭੇ,ਸ਼ਕਾਇਤਾਂ,ਕੁੱਟ ਮਾਰ 'ਚ ਮੈਨੂੰ ਆਪਣੇ ਪੁੱਤ ਦੀ ਦਿਨ ਰਾਤ ਫ਼ਿਕਰ ਰਹਿਣੀ।ਜਵਾਨੀ ਦਾ ਇਹ ਖ਼ੂਨ ਨਾ ਸਾਡਾ ਸਵਾਰ ਰਿਹਾ ਸੀ ਅਤੇ ਨਾ ਆਪਣਾ।ਉਹਦੀਆਂ ਇੱਧਰੋਂ ਉਧਰੋਂ ਸ਼ਕਾਇਤਾਂ ਆਉਂਦੀਆਂ ਰਹਿਣੀਆਂ ਅਤੇ ਮੈਂ ਸਿਵਾਏ ਸ਼ਰਮਿੰਦਗੀ ਅਤੇ ਬੇਬੱਸੀ ਦੇ ਕੁਝ ਨਹੀਂ ਸੀ ਕਰ ਸਕਦੀ।ਫਿਰ ਪਿੰਡ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਰਾਹਵਾਂ ਦੀ ਸੇਵਾ ਕਰਨ ਨੂੰ ਕਿਹਾ।ਰਾਹਵਾਂ ਦੀ ਸੇਵਾ ਕਰਦਾ,ਰੁੱਖ ਲਾਉਂਦਾ,ਕਾਲੀ ਵੇਂਈ ਦੀ ਕਾਰ ਸੇਵਾ 'ਚ ਸ਼ਾਮਲ ਹੁੰਦਾ ਮੇਰਾ ਪੁੱਤ ਇੱਕ ਦਿਨ ਹੀਰਾ ਬਣ ਗਿਆ।ਅੱਜ ਉਹ ਇਟਲੀ 'ਚ ਹੈ ਸੋਹਣਾ ਪਰਿਵਾਰ ਹੈ ਅਤੇ ਮੇਰੇ ਦਿਲ 'ਚ ਰੱਝਵਾਂ ਆਰਾਮ ਹੈ,ਸਕੂਨ ਹੈ।ਇੱਕ ਮਾਂ ਦੀ ਫ਼ਿਕਰ ਇਹੋ ਹੁੰਦੀ ਹੈ ਕਿ ਉਹਦਾ ਪੁੱਤ ਕੁਰਾਹੇ ਨਾ ਪੈ ਜਾਵੇ।ਅਜਿਹੇ ਕਈ ਕੁਰਾਹੇ ਪਏ ਨੌਜਵਾਨਾਂ ਨੂੰ ਕਾਲੀ ਵੇਂਈ ਦੀ ਸੇਵਾ ਨੇ ਮਕਸਦ ਦਿੱਤਾ ਅਤੇ ਜ਼ਿੰਦਗੀ ਨੂੰ ਮਾਇਨੇ ਮਿਲੇ।ਅੱਜ ਅਜਿਹੇ ਕਈ ਨੌਜਵਾਨ ਸਾਡੇ ਇਲਾਕੇ 'ਚ ਹੋਰਾਂ ਲਈ ਪ੍ਰੇਰਣਾ ਹਨ।ਇਸ ਸੇਵਾ ਨੇ ਸਾਡੀਆਂ ਜਵਾਨੀਆਂ ਸਾਂਭ ਲਈਆਂ।ਉਹਨਾਂ ਦੇ ਅੰਦਰ ਦੀ ਊਰਜਾ ਨੂੰ ਸੇਧ ਮਿਲ ਗਈ।
ਆਬੋ ਹਵਾ ਲਈ ਜੰਗ ਜਾਰੀ
ਚਿੱਟੀ ਵੇਂਈ,ਕਾਲੀ ਵੇਂਈ,ਬੁੱਢਾ ਨਾਲ਼ਾ,ਸਤਲੁਜ ਦਰਿਆ ਸਮੇਤ ਪੰਜਾਬ ਦੀਆਂ ਨਿੱਕੀਆਂ ਵੱਡੀਆਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ।ਅਜਿਹੇ ਮੁੱਦਿਆਂ ਦੇ ਮਾਹਰ ਡਾ ਅਮਰ ਆਜ਼ਾਦ ਕਹਿੰਦੇ ਹਨ ਕਿ ਪੰਜਾਬ 'ਚ ਕੈਂਸਰ,ਜਨਾਨੀਆਂ 'ਚ ਬਾਂਝਪਣ ਅਤੇ ਬੰਦਿਆਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ ਤੱਕ ਅਸਰ ਪੈ ਰਿਹਾ ਹੈ।ਜਲੰਧਰ ਦਾ ਚਮੜਾ ਕਾਰੋਬਾਰ,ਡਾਇੰਗ ਇੰਡਸਟਰੀ ਵੱਲੋਂ ਬਿਨਾਂ ਟ੍ਰੀਟਮੈਂਟ ਤੋਂ ਛੱਡੇ ਪਾਣੀ ਦਾ ਵੱਡਾ ਅਸਰ ਦੁਆਬੇ ਤੋਂ ਲੈਕੇ ਮਾਲਵਾ,ਰਾਜਸਥਾਨ ਤੱਕ ਪਿਆ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ,“ਅਸੀਂ ਲੋਕਾਂ ਦੀ ਮਦਦ ਨਾਲ ਇਹਨਾਂ ਫੈਕਟਰੀਆਂ ਦੇ ਮੁਹਾਨੇ 2008 'ਚ ਬੰਦ ਕਰ ਦਿੱਤੇ ਸਨ।ਸਾਡੀ ਮੰਗ ਸੀ ਕਿ
ਜਦੋਂ ਤੱਕ ਇਹ ਦੂਸ਼ਿਤ ਪਾਣੀ ਦਾ ਹੱਲ ਨਹੀਂ ਕਰਦੇ ਅਸੀਂ ਇਹਨਾਂ ਪਾਣੀਆਂ ਨੂੰ ਆਪਣੇ ਕੁਦਰਤੀ ਸੋਮਿਆਂ 'ਚ ਰਲਾਉਣ ਨਹੀਂ ਦੇਣਾ।ਇਹਦਾ ਨਤੀਜਾ ਇਹ ਹੋਇਆ ਕਿ 2008 'ਚ ਪੰਜਾਬ 'ਚ 3 ਟ੍ਰੀਟਮੈਂਟ ਪਲਾਂਟ ਸਨ ਜਿਹਨਾਂ ਦੀ ਗਿਣਤੀ ਹੁਣ 41 ਹੈ।ਪਰ ਸਮੱਸਿਆ ਇਹ ਹੈ ਕਿ ਪਲਾਂਟ ਹੋਣ ਦੇ ਬਾਵਜੂਦ ਇਹ ਅਜੇ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹਨ।ਇਸ ਲਈ ਅਸੀਂ 2011 'ਚ ਮੁੜ ਬੰਨ੍ਹ ਲਾਇਆ ਸੀ।2018 'ਚ ਵੀ ਸਮੱਸਿਆ ਜਿਉਂ ਦੀ ਤਿਉਂ ਹੈ।ਪਿਛਲੇ ਦਿਨਾਂ 'ਚ ਸਾਡੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਰਿਪੋਰਟ ਵੀ ਸੌਂਪੀ ਗਈ ਸੀ।ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਐੱਨ.ਜੀ.ਟੀ ਵੱਲੋਂ 50 ਕਰੋੜ ਦਾ ਜੁਰਮਾਨਾ ਵੀ ਲਾਇਆ ਗਿਆ ਹੈ।”
ਜ਼ਿਕਰਯੋਗ ਹੈ ਕਿ ਸੰਤ ਬਲੀਰ ਸਿੰਘ ਸੀਚੇਵਾਲ ਨੂੰ ਪਿਛਲੇ ਦਿਨਾਂ 'ਚ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ ਸੀ।ਇਸ ਫੈਸਲੇ ਦਾ ਵਿਰੋਧ ਹੋਣ ਤੋਂ ਬਾਅਦ ਮੈਂਬਰੀ ਮੁੜ ਬਹਾਲ ਵੀ ਕੀਤੀ ਗਈ।ਸੰਤ ਸੀਚੇਵਾਲ 2008 ਤੋਂ ਬੋਰਡ ਦੇ ਮੈਂਬਰ ਹਨ।ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ ਕਿ ਇਹਨਾਂ ਸਿਆਸੀ ਬਾਰੀਕੀਆਂ 'ਚ ਕੋਈ ਇਹ ਗੱਲ ਨਾ ਭੁੱਲੇ ਕਿ ਇਹਨਾਂ ਪਾਣੀਆਂ ਨਾਲ ਦੁਆਬੇ ਤੋਂ ਰਾਜਸਥਾਨ ਤੱਕ ਲੋਕ ਕੈਂਸਰ,ਕਾਲਾ ਪੀਲੀਆ ਨਾਲ ਮਰੇ ਹਨ ਅਤੇ ਉਹਨਾਂ ਦੀ ਪੂਰਤੀ 50 ਕਰੋੜ ਨਾਲ ਨਹੀਂ ਹੋ ਸਕਦੀ।ਇਹ ਫੈਕਟਰੀਆਂ 1974 ਦੇ ਵਾਤਾਵਰਨ ਸਬੰਧੀ ਕਾਨੂੰਨ ਨੂੰ ਤੋੜ ਰਹੇ ਹਨ।
ਸਰਪੰਚ ਬਾਬਾ
ਪੰਜਾਬ ਦੀਆਂ ਸੱਥਾਂ 'ਚ ਇਹ ਕਹਾਣੀ ਵੀ ਉਮੀਦ ਭਰੀ ਹੈ।ਪਿੰਡਾਂ 'ਚ ਸਿਆਸਤ ਨੇ ਤਕਰਾਰਾਂ ਅਤੇ ਦੁਸ਼ਮਣੀਆਂ ਨੂੰ ਜਨਮ ਦਿੱਤਾ ਹੈ।ਇਸੇ ਲਿਹਾਜ਼ ਤੋਂ ਸੀਚੇਵਾਲ 'ਚ ਸ਼ੁਰੂਆਤ ਕੀਤੀ ਗਈ ਕਿ ਚੋਣਾਂ ਵੇਲੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਪਛਾਣ ਵਾਲਾ ਸਿਆਸੀ ਬੂਥ ਨਹੀਂ ਲੱਗੇਗਾ।ਪਿੰਡ ਸੀਚੇਵਾਲ ਦੇ ਲੋਕਾਂ ਨੇ 2003 ਤੋਂ 2013 ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਹੀ ਆਪਣਾ ਸਰਪੰਚ ਬਣਾਇਆ।ਇਹਨਾਂ ਸਮਿਆਂ 'ਚ ਹੀ ਪਿੰਡ ਸੀਚੇਵਾਲ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲੋਂ 2008 'ਚ ਨਿਰਮਲ ਗ੍ਰਾਮ
ਪੁਰਸਕਾਰ ਮਿਲਿਆ।ਪਿੰਡ ਸੀਚੇਵਾਲ ਨੇ ਆਪਣੇ ਪਿੰਡ 'ਚ ਸੀਵਰੇਜ ਸਿਸਟਮ 'ਤੇ ਕੰਮ ਕੀਤਾ ਹੈ।ਆਬੋ ਹਵਾ ਨੂੰ ਸ਼ੁੱਧ ਬਣਾਉਣ ਦੇ ਸਿਲਸਿਲੇ 'ਚ ਵੱਧ ਤੋਂ ਵੱਧ ਰੁੱਖ ਲਗਾਏ ਹਨ।ਇਸੇ ਬਣਤਰ ਨੂੰ ਹੀ 'ਸੀਚੇਵਾਲ ਮਾਡਲ' ਕਿਹਾ ਜਾਂਦਾ ਹੈ।ਘੱਟ ਖਰਚਾ ਸੀਮਤ ਸਾਧਨਾਂ ਨਾਲ ਪਾਣੀ ਟ੍ਰੀਟ ਕਰਕੇ ਕਿਵੇਂ ਸਿੰਜਾਈ ਲਈ ਵਰਤਣਾ ਹੈ।ਇਸ ਮਾਡਲ ਨੂੰ ਹਰਿਆਣੇ ਦੇ 50 ਪਿੰਡ ਲਾਗੂ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਨਪੁਰ ਦੇ ਪਿੰਡ ਚਨੌਰ ਤੋਂ ਸ਼ੁਰੂ ਹੋਕੇ 5 ਸੂਬਿਆਂ (ਉੱਤਰਾਖੰਡ,ਯੂਪੀ,ਬਿਹਾਰ,ਝਾਰਖੰਡ,ਬੰਗਾਲ) ਦੇ 1657 ਪਿੰਡਾਂ 'ਚ ਸੀਚੇਵਾਲ ਮਾਡਲ ਦੀ ਵਿਉਂਬੰਦੀ ਕੀਤੀ ਜਾ ਰਹੀ ਹੈ।ਭਾਰਤ ਸਰਕਾਰ ਦੇ ਨਿਮਾਮੀ ਗੰਗੇ ਪ੍ਰੋਜੈਕਟ ਅਧੀਨ ਜਿਹੜੇ ਪਿੰਡ ਗੰਗਾ ਕੰਢੇ ਲੱਗਦੇ ਹਨ ਉਹਨਾਂ ਪਿੰਡਾਂ ਨੂੰ ਇਸੇ ਤਰਜ 'ਤੇ ਨਿਰਮਾਣ ਅਧੀਨ ਲਿਆਉਣ ਦਾ ਵਿਚਾਰ ਹੈ।ਪੰਜਾਬ ਦੇ ਸੀਚੇਵਾਲ ਪਿੰਡ ਦੇ ਇਸ ਮਾਡਲ ਨੂੰ ਵੇਖਣ ਲਈ 1000 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਸੀਚੇਵਾਲ ਦਾ ਦੌਰਾ ਕਰ ਚੁੱਕੀਆਂ ਹਨ।ਨਿਰਮਲੇ ਪੰਥ
ਕਹਿੰਦੇ ਹਨ ਇਹ ਗਾਥਾ ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੀ ਹੈ।ਦੱਸਵੇਂ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਹੁਣਾਂ ਪੰਜ ਸਿੱਖਾਂ ਨੂੰ ਦੂਜੇ ਧਰਮਾਂ ਦਾ ਅਧਿਐਨ ਕਰਨ ਹਰਿਦੁਆਰ ਭੇਜਿਆ ਸੀ।ਇਹਨਾਂ ਪੰਜ ਸਿੱਖਾਂ ਨੂੰ ਪੰਥ ਦੇ ਨਿਰਮਲੇ ਕਿਹਾ ਸੀ।ਇਹਨਾਂ ਘੁੰਮਤਰੀ ਸਾਧਾਂ ਤੋਂ ਨਿਰਮਲੇ ਸੰਪਰਦਾ ਦੀ ਸ਼ੁਰੂਆਤ ਹੋਈ।ਕਹਿੰਦੇ ਹਨ ਜਦੋਂ ਖ਼ਾਲਸਾ ਜੰਗਾਂ ਯੁੱਧਾਂ 'ਚ ਸੀ ਤਾਂ ਗੁਰੂ ਸਾਹਿਬ ਨੇ ਨਿਰਮਲੇ ਸਿੱਖਾਂ ਦੀ ਜ਼ਿੰਮੇਵਾਰੀ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਲਾਈ ਸੀ।ਨਿਰਮਲੇ ਸੰਪਰਦਾ ਦੇ ਅਖਾੜੇ ਦਾ ਮੁੱਖ ਕੇਂਦਰ ਕੰਨਖਲ ਹਰਿਦੁਆਰ ਹੈ।ਕੁੰਭ ਮੇਲੇ 'ਚ ਜਦੋਂ ਸੰਤ ਸਮਾਜ ਦੇ 14 ਅਖਾੜੇ ਪਹੁੰਚਦੇ ਹਨ ਉਦੋਂ ਇਹਨਾਂ 'ਚ ਦੋ ਅਖਾੜੇ ਅਜਿਹੇ ਵੀ ਹੁੰਦੇ ਹਨ ਜਿੰਨ੍ਹਾਂ ਦਾ ਰਿਸ਼ਤਾ ਸਿੱਖੀ ਨਾਲ ਵੀ ਹੈ।ਇਹ ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਹਨ।ਜਦੋਂ ਇੱਥੇ ਬਾਕੀ ਸੰਤ ਸਮਾਜ ਸ਼ਾਹੀ ਇਸ਼ਨਾਨ 'ਚ ਹਿੱਸਾ ਲੈਂਦਾ ਹੈ ਉਸ ਸਮੇਂ ਨਿਰਮਲੇ ਸੰਪਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਗਰ ਕੀਰਤਨ ਕਰਦੇ ਹਨ।ਇੰਝ ਇਹ ਦੁਨੀਆਂ ਦੇ ਸਭ ਤੋਂ ਵੱਡੇ ਕੁੰਭ ਮੇਲੇ 'ਚ ਹਿੱਸਾ ਲੈਂਦੇ ਸ਼ਬਦ ਗੁਰੂ ਦੀ ਪ੍ਰੰਪਰਾ ਨੂੰ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਦੀ ਉਸੇ ਵਿਰਾਸਤ ਨੂੰ ਤੋਰਦੇ ਹਨ ਜਿਸ 'ਚ ਉਹਨਾਂ ਆਪਣੇ ਸਮੇਂ ਦੇ ਸੱਭਿਆਚਾਰਾਂ ਨਾਲ ਫਾਸਲਾ ਨਹੀਂ ਸਗੋਂ ਸੰਵਾਦ ਰਚਾਇਆ ਸੀ।ਲੋਕ ਧਾਰਾ 'ਚ ਧਰਮਾਂ ਦੇ ਸਾਂਝੇ ਸੱਭਿਆਚਾਰ ਦੀ ਇਹ ਵੀ ਇੱਕ ਵਿਲੱਖਣ ਉਦਾਹਰਨ ਹੈ।ਸੇਵਾ ਦਾ ਜ਼ਿਕਰ
:- ਹਰਪ੍ਰੀਤ ਿਸੰਘ ਕਾਹਲੋਂ
Great post and success for you..
ReplyDeleteKontraktor Pameran
Jasa Dekorasi Booth Pameran
Jasa Pembuatan Booth
Kontraktor Booth Pameran
thanks for posting
ReplyDelete---------
افضل شركة تنظيف منازل بخميس مشيط
شركة نقل اثاث بخميس مشيط
افضل شركة نقل عفش بخميس مشيط
شركة مكافحة النمل الابيض بجازان
تنظيف منازل بخميس مشيط
شركة نظافة بخميس مشيط
Post a Comment